ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਤਿੰਨ ਹਥਿਆਰਬੰਦ ਆਤਮਘਾਤੀ ਬੰਬਧਾਰੀਆਂ ਨੇ ਚੀਨ ਦੇ ਕੌਂਸਲਖ਼ਾਨੇ ’ਤੇ ਧਾਵਾ ਬੋਲ ਕੇ ਦੋ ਪੁਲੀਸਕਰਮੀਆਂ ਸਣੇ ਚਾਰ ਲੋਕਾਂ ਦੀ ਜਾਨ ਲੈ ਲਈ ਤੇ ਬਾਅਦ ਵਿਚ ਸੁਰੱਖਿਆ ਦਸਤਿਆਂ ਨੇ ਹਮਲਾਵਰਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਲਈ ਹੈ ਜਿਸ ਦਾ ਕਹਿਣਾ ਹੈ ਕਿ ਉਹ ਬਲੋਚ ਸਰਜ਼ਮੀਨ ’ਤੇ ਚੀਨ ਦੇ ਪਸਾਰਵਾਦੀ ਹਰਬਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਕਰਾਚੀ ਦੇ ਪੁਲੀਸ ਮੁਖੀ ਆਮਿਰ ਸ਼ੇਖ ਨੇ ਕਿਹਾ ਕਿ ਦਹਿਸ਼ਤਗਰਦਾਂ ਕੋਲੋਂ 9 ਹਥਗੋਲੇ, ਕਲਾਸ਼ਨੀਕੋਵ ਰਾਈਫਲਾਂ, ਮੈਗਜ਼ੀਨ ਤੇ ਵਿਸਫ਼ੋਟਕ ਬਰਾਮਦ ਹੋਏ ਹਨ। ਮਾਰੇ ਗਏ ਦੋਵੇਂ ਸ਼ਹਿਰੀ ਪਿਓ ਪੁੱਤਰ ਹਨ। ਕੌਂਸੁਲੇਟ ਤੋਂ ਥੋੜ੍ਹੀ ਦੂਰ ਗੱਡੀ ਖੜ ਕਰ ਕੇ ਆਏ ਦਹਿਸ਼ਤਪਸੰਦਾਂ ਨੇ ਪਹਿਲਾਂ ਕੌਂਸੁਲੇਟ ਦੇ ਬਾਹਰ ਚੌਕੀ ’ਤੇ ਹਮਲਾ ਕੀਤਾ ਤੇ ਹਥਗੋਲਾ ਸੁੱਟਿਆ। ਬੀਐਲਏ ਨੇ ਹਮਲਾਵਰਾਂ ਦੀਆਂ ਤਸਵੀਰਾਂ ਵੀ ਨਸ਼ਰ ਕਰ ਦਿੱਤੀਆਂ ਹਨ। ਚੀਨ ਨੇ ਹਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਪਾਕਿਸਤਾਨ ਵਲੋਂ ਇਸ ਹਮਲੇ ਨੂੰ ਨਾਕਾਮ ਬਣਾਉਣ ਲਈ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਧਰ ਭਾਰਤ ਨੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸੇ ਦੌਰਾਨ ਪਾਕਿਸਤਾਨ ਸਰਕਾਰ ਨੇ ਚੀਨ ਨੂੰ ਆਪਣੇ ਦੇਸ਼ ਵਿਚ ਚੀਨੀ ਨਾਗਰਿਕਾਂ ਦੀ ਭਰਵੀਂ ਸੁਰੱਖਿਆ ਮੁਹੱਈਆ ਕਰਾਉਣ ਅਤੇ ਕਰਾਚੀ ਵਿਚ ਹੋਏ ਹਮਲੇ ਦੀ ਨਿੱਠਵੀਂ ਜਾਂਚ ਕਰਾਉਣ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨਾਲ ਫੋਨ ’ਤੇ ਗੱਲਬਾਤ ਕੀਤੀ।