ਖ਼ੈਬਰ ਪਖਤੂਨਖ਼ਵਾ ਵਿਚ ਧਮਾਕਾ; ਤਿੰਨ ਸਿੱਖਾਂ ਸਣੇ 31 ਮੌਤਾਂ

ਪਾਕਿਸਤਾਨ ਦੇ ਗੜਬੜਗ੍ਰਸਤ ਖ਼ੈਬਰ ਪਖਤੂਨਖ਼ਵਾ ਸੂਬੇ ਵਿਚ ਦੇ ਓੜਕਜ਼ਈ ਜ਼ਿਲੇ ਦੇ ਕਲਾਇਆ ਇਲਾਕੇ ਵਿਚ ਸ਼ੀਆ ਫ਼ਿਰਕੇ ਦੇ ਧਾਰਮਿਕ ਸਥਾਨ ਦੇ ਬਾਹਰਵਾਰ ਬਾਜ਼ਾਰ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋਘੱਟ 31 ਲੋਕ ਮਾਰੇ ਗਏ ਤੇ 40 ਜ਼ਖ਼ਮੀ ਹੋ ਗਏ। ਇਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਖ਼ਾਲਿਦ ਇਕਬਾਲ ਨੇ ਪੀਟੀਆਈ ਨੂੰ ਦੱਸਿਆ ਕਿ ਮਰਨ ਵਾਲਿਆਂ ਵਿਚ ਤਿੰਨ ਸਿੱਖ ਵਪਾਰੀ ਤੇ ਤਿੰਨ ਬੱਚੇ ਸ਼ਾਮਲ ਹਨ। ਉਂਜ ਜ਼ਿਆਦਾਤਰ ਮੌਤਾਂ ਸ਼ੀਆ ਭਾਈਚਾਰੇ ਦੇ ਮੈਂਬਰਾਂ ਦੀਆਂ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਲੋਕ ਗਰਮ ਕੱਪੜੇ ਖਰੀਦ ਰਹੇ ਸਨ ਜਦੋਂ ਬੰਬ ਧਮਾਕਾ ਹੋ ਗਿਆ। ਬੰਬ ਇਕ ਮੋਟਰਸਾਈਕਲ ਨਾਲ ਰੱਖਿਆ ਗਿਆ ਸੀ ਤੇ ਜਾਪਦਾ ਹੈ ਕਿ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੋ ਵੀ ਕੁਝ ਹੋਵੇ ਅਸੀਂ ਦਹਿਸ਼ਤਪਸੰਦਾਂ ਦਾ ਮਲੀਆਮੇਟ ਕਰ ਕੇ ਦਮ ਲਵਾਂਗੇ। ਮਨੁੱਖੀ ਅਧਿਕਾਰਾਂ ਬਾਰੇ ਮੰਤਰੀ ਸ਼ਿਰੀਨ ਮਜ਼ਾਰੀ ਨੇ ਆਖਿਆ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਨਾਕਾਮ ਹੋ ਰਹੀ ਨੀਤੀ ਕਾਰਨ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਨੂੰ ਅਜਿਹੇ ਹਮਲਿਆਂ ਲਈ ਤਿਆਰ ਰਹਿਣਾ ਪਵੇਗਾ ਜਦਕਿ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਕਿਹਾ ਕਿ ਸਾਡੇ ਦੁਸ਼ਮਣ ਸੂਬੇ ਵਿਚ਼ ਅਮਨ ਚੈਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ।

Previous articleਭਾਜਪਾ ਮੱਧ ਪ੍ਰਦੇਸ਼ ਵਿਚ ਮਾਰੇਗੀ ਚੌਕਾ: ਰਾਜਨਾਥ
Next articleਕਰਾਚੀ ਵਿਚ ਚੀਨੀ ਕੌਂਸੁਲੇਟ ’ਤੇ ਆਤਮਘਾਤੀ ਹਮਲਾ; ਸੱਤ ਮੌਤਾਂ