ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ‘ਭ੍ਰਿਸ਼ਟਾਚਾਰੀ ਨੰਬਰ ਇਕ’ ਦੱਸਣ ਦਾ ਜਵਾਬ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਮੁਹੱਬਤ ਤੇ ਘੁੱਟਵੀਂ ਜੱਫੀ’ ਨਾਲ ਦਿੱਤਾ ਹੈ। ਰਾਹੁਲ ਨੇ ਨਾਲ ਹੀ ਕਿਹਾ ਕਿ ਮੋਦੀ ਆਪਣੇ ‘ਕਰਮਾਂ ਦਾ ਫ਼ਲ ਭੁਗਤਣ ਲਈ ਤਿਆਰ ਰਹਿਣ।’ ਦੱਸਣਯੋਗ ਹੈ ਕਿ ਮੋਦੀ ਨੇ ਉੱਤਰ ਪ੍ਰਦੇਸ਼ ਵਿਚ ਇਕ ਚੋਣ ਰੈਲੀ ਦੌਰਾਨ ਰਾਜੀਵ ਗਾਂਧੀ ਬਾਰੇ ਇਹ ਟਿੱਪਣੀ ਕੀਤੀ ਸੀ। ਰਾਹੁਲ ਨੇ ਟਵੀਟ ਕੀਤਾ ‘ਮੋਦੀ ਜੀ, ਜੰਗ ਖ਼ਤਮ ਹੋ ਚੁੱਕੀ ਹੈ। ਤੁਹਾਡੇ ਕਰਮ ਤੁਹਾਨੂੰ ਉਡੀਕ ਰਹੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਅੰਦਰਲੇ ਵਿਸ਼ਵਾਸਾਂ ਨੂੰ ਉਨ੍ਹਾਂ ਦੇ ਪਿਤਾ ’ਤੇ ਜਿੰਨਾ ਮਰਜ਼ੀ ਥੋਪੀ ਜਾਣ ਪਰ ਇਹ ਹੁਣ ਉਨ੍ਹਾਂ ਨੂੰ ਬਚਾ ਨਹੀਂ ਸਕਣਗੇ। ਮੋਦੀ ਨੇ ਰੈਲੀ ਵਿਚ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਦੇ ਪਿਤਾ ਨੂੰ ਉਨ੍ਹਾਂ ਦੇ ਦਰਬਾਰੀਆਂ ਨੇ ਤਾਂ ਕਲੀਨ ਚਿੱਟ ਦੇ ਦਿੱਤੀ ਸੀ ਪਰ ‘ਰਾਜੀਵ ਗਾਂਧੀ ਦਾ ਅੰਤ ਭ੍ਰਿਸ਼ਟਾਚਾਰੀ ਨੰਬਰ ਇਕ’ ਵਜੋਂ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਨੇ ਇਕ ਇੰਟਰਵਿਊ ਵਿਚ ਮੰਨਿਆ ਹੈ ਕਿ ਕਾਂਗਰਸ ਪ੍ਰਧਾਨ ਦਾ ਮਕਸਦ ਬਸ ਪ੍ਰਧਾਨ ਮੰਤਰੀ ਦੀ ਸਾਖ਼ ਖ਼ਰਾਬ ਕਰਨਾ ਹੈ। ਮੋਦੀ ਨੇ ਕਿਹਾ ਸੀ ਕਿ ਅਜਿਹਾ ਕਰ ਕੇ ਵਿਰੋਧੀ ਦੇਸ਼ ਨੂੰ ਕਮਜ਼ੋਰ ਸਰਕਾਰ ਦੇਣਾ ਚਾਹੁੰਦ ਹੈ।
INDIA ਕਰਮਾਂ ਦਾ ਫ਼ਲ ਭੁਗਤਣ ਲਈ ਮੋਦੀ ਤਿਆਰ ਰਹਿਣ: ਰਾਹੁਲ