ਫਾਜ਼ਿਲਕਾ (ਸਮਾਜਵੀਕਲੀ) – ਕਰੋਨਾਵਾਇਰਸ ਕਾਰਨ ਜਿੱਥੇ ਪੂਰੀ ਮਨੁੱਖਤਾ ਆਪਣੀ ਜਾਨ ਨੂੰ ਬਚਾਉਣ ਲਈ ਲੱਗੇ ਕਰਫਿਊ ਅਤੇ ਲੌਕਡਾਊਨ ਕਾਰਨ ਘਰਾਂ ਵਿਚ ਬੰਦ ਹੈ, ਉੱਥੇ ਹੀ ਕਈ ਵਿਅਕਤੀ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਮਾੜੀ ਨੀਅਤ ਨਾਲ ਕੰਮ ਕਰਨੋਂ ਬਾਜ਼ ਨਹੀਂ ਆ ਰਹੇ। ਇਸੇ ਤਰ੍ਹਾਂ ਦੀ ਮਾੜੀ ਨੀਅਤ ਰੱਖਣ ਵਾਲੇ ਕੁਝ ਲੋਕਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕਾ ਦੀ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਸਕੂਲ ਦੀ ਪ੍ਰਿੰਸੀਪਲ ਅਨੀਤਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਪਈ ਜਗ੍ਹਾ ’ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਟਾਂ ਲਿਆ ਕੇ ਉਸ ਥਾਂ ਨੂੰ ਆਪਣੇ ਕਬਜ਼ੇ ਅਧੀਨ ਕਰਨ ਲਈ ਉਸਾਰੀ ਸ਼ੁਰੂ ਕਰ ਦਿੱਤੀ। ਮੁੱਖ ਅਧਿਆਪਕਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਫੋਨ ਰਾਹੀਂ ਅਮੀਰ ਖ਼ਾਸ ਥਾਣੇ ਦੇ ਐੱਸਐੱਚਓ ਨੂੰ ਸੂਚਿਤ ਕੀਤਾ ਸੀ, ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮਗਰੋਂ ਜਦੋਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਵੀਡੀਓ, ਫੋਟੋ ਅਤੇ ਫੋਨ ਆਏ ਕਿ ਸਕੂਲ ਦੀ ਸਰਕਾਰੀ ਜਗ੍ਹਾ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਥਾਣਾ ਅਮੀਰ ਖਾਸ ਦੇ ਐੱਸਐੱਚਓ ਨੂੰ ਭੇਜੀ ਪਰ ਅਜੇ ਤੱਕ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।