ਕਰਫਿਊ ’ਚ ਛੋਟ: ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ

ਬਠਿੰਡਾ (ਸਮਾਜਵੀਕਲੀ) – ਅੱਜ ਕਰਫਿਊ ’ਚ ਛੋਟ ਮਿਲਣ ਕਾਰਨ ਕਈ ਦਿਨਾਂ ਤੋਂ ਘਰਾਂ ਵਿਚ ਕੈਦ ਬਠਿੰਡਾ ਵਾਸੀ ਸੜਕਾਂ ’ਤੇ ਆ ਆਏ। ਬੀਤੇ 40 ਦਿਨਾਂ ਬਾਅਦ ਬਾਜ਼ਾਰ ਵਿਚ ਰੌਣਕ ਦੇਖਣ ਨੂੰ ਮਿਲੀ। ਇਸ ਦੌਰਾਨ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡੀਦੀਆਂ ਦੇਖੀਆਂ ਗਈਆਂ। ਭੀੜ ਨੇ ਦੁਕਾਨਦਾਰਾਂ ਦੀ ਇੱਕ ਨਾ ਮੰਨੀ।

ਭਾਵੇਂ ਕੁਝ ਦੁਕਾਨਾਂ ਦੇ ਬਾਹਰ ਲਾਈਨ ਵਿਚ ਲੱਗ ਕੇ ਲੋਕਾਂ ਨੇ ਖਰੀਦ ਕੀਤੀ ਪਰ ਸੈਨੇਟਾਈਜ਼ਰ ਦੀ ਕਮੀ ਹਰ ਦੂਜੀ ਦੁਕਾਨ ’ਤੇ ਦੇਖਣ ਨੂੰ ਮਿਲੀ। ਅੱਜ ਬਠਿੰਡਾ ਦੇ ਧੋਬੀ ਬਾਜ਼ਾਰ, ਸਿਰਕੀ ਬਾਜ਼ਾਰ, ਮਾਲ ਰੋਡ, ਅਮਰੀਕ ਸਿੰਘ ਰੋਡ, ਮਹਿਣਾ ਚੌਕ ਵਿਚ ਭੀੜ ਦੇਖਣ ਨੂੰ ਮਿਲੀ। ਬਠਿੰਡਾ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਦਿਨ ਚੜ੍ਹਦੇ ਹੀ ਖਰੀਦਦਾਰੀ ਕਰਨ ਪੁੱਜੇ। ਮਰੀਜ਼ ਵੀ ਜਾਂਚ ਲਈ ਨਿੱਜੀ ਹਸਪਤਾਲਾਂ ’ਚ ਪੁੱਜੇ।

ਇਸੇ ਦੌਰਾਨ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਕਰਫ਼ਿਊ ’ਚ ਛੋਟ ਦੌਰਾਨ ਕਿਸੇ ਵੀ ਕਿਸਮ ਦੇ ਵਾਹਨ ਵਰਤਣ ਲਈ ਲੋਕਾਂ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਨਾਗਰਿਕਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਆਪਣੇ ਨੇੜਲੀਆਂ ਦੁਕਾਨਾਂ ਤੋਂ ਪੈਦਲ ਜਾ ਕੇ ਖ਼ਰੀਦਦਾਰੀ ਕਰਨ।

ਜ਼ਿਲ੍ਹਾ ਮੈਜਿਸਟਰੇਟ ਬੀ ਸ੍ਰੀਨਿਵਾਸਨ ਅਨੁਸਾਰ ਅੱਜ ਪਹਿਲੇ ਦਿਨ ਦੀ ਖੁੱਲ੍ਹ ਦੌਰਾਨ ਕੁਝ ਲੋਕਾਂ ਨੇ ਨਿਯਮਾਂ ਦੀ ਪਾਲਣਾ ’ਚ ਕੁਤਾਹੀ ਵਰਤੀ। ਇਸੇ ਲਈ ਸਵੇਰੇ 6 ਤੋਂ 10 ਵਜੇ ਤਕ ਦੀ ਢਿੱਲ ਲਈ ਨਵੇਂ ਹੁਕਮ ਜਾਰੀ ਕਰਨੇ ਪਏ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਛੋਟ ਦੌਰਾਨ ਜੇ ਕਿਸੇ ਨੇ ਵਾਹਨ ਦੀ ਵਰਤੋਂ ਕੀਤੀ ਤਾਂ ਉਸ ਦਾ ਵਾਹਨ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਸਰਕਾਰੀ ਡਿਊਟੀ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ’ਤੇ ਪਾਸ ਦੀਆਂ ਫੋਟੋ ਕਾਪੀਆਂ ਚਿਪਕਾ ਕੇ ਰੱਖਣ ਤਾਂ ਜੋ ਨਾਕਿਆਂ ’ਤੇ ਕੋਈ ਦਿੱਕਤ ਨਾ ਆਵੇ।

ਇਸ ਦੌਰਾਨ ਵਪਾਰ ਮੰਡਲ ਬਠਿੰਡਾ ਦੇ ਜਨਰਲ ਸਕੱਤਰ ਪ੍ਰਮੋਦ ਜੈਨ ਨੇ ਇਸ ਛੋਟ ਨੂੰ ਅਧੂਰੀ ਦੱਸਦਿਆਂ ਕਿਹਾ ਕਿ ਇਸ ਛੋਟ ਦਾ ਫਾਇਦਾ ਹਰ ਵਰਗ ਦੇ ਦੁਕਾਨਦਾਰ ਨੂੰ ਮਿਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਨਰਲ ਸਟੋਰ, ਰੈਡੀਮੇਡ, ਸਟੇਸ਼ਨਰੀ ਜਿਹੇ ਵਪਾਰਕ ਕੇਂਦਰਾਂ ਨੂੰ ਬੰਦ ਰੱਖਣਾ ਠੀਕ ਨਹੀਂ। ਉਨ੍ਹਾਂ ਨੇ ਦੁਕਾਨਦਾਰਾਂ ਲਈ ਸਰਕਾਰ ਤੋਂ ਵਿੱਤੀ ਪੈਕੇਜ ਮੰਗਿਆ।

ਜ਼ਿਲ੍ਹਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਨੇ ਕਰਫਿਊ ਦੌਰਾਨ ਨਿਰਮਾਣ ਕਾਰਜਾਂ ’ਚ ਸ਼ਰਤਾਂ ਦੇ ਆਧਾਰ ’ਤੇ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿਚ ਹਰ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਉਸਾਰੀ ਦੀ ਆਗਿਆ ਹੈ ਜਦਕਿ ਸ਼ਹਿਰੀ ਖੇਤਰ ਵਿਚ ਕੇਵਲ ਪਹਿਲਾਂ ਤੋਂ ਚੱਲ ਰਹੀ ਰਿਹਾਇਸ਼ੀ, ਕਮਰਸ਼ੀਅਲ, ਸਰਕਾਰੀ, ਗ਼ੈਰ ਸਰਕਾਰੀ ਉਸਾਰੀ ਕਰਨ ਦੀ ਪ੍ਰਵਾਨਗੀ ਹੈ।

Previous article‘ਅਰੋਗਯ ਸੇਤੂ’ ਐਪ ਨਾਲ ਨਿੱਜਤਾ ਨੂੰ ਖ਼ਤਰਾ: ਰਾਹੁਲ
Next articleਪਾਜ਼ੇਟਿਵ ਕੇਸਾਂ ਤੋਂ ਦੋ ਸੂਬਾ ਸਰਕਾਰਾਂ ਕਟਹਿਰੇ ਵਿੱਚ