ਜਲੰਧਰ (ਸਮਾਜ ਵੀਕਲੀ)- ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਲਾਏ ਕਰਫਿਊ ਨੂੰ ਸਖ਼ਤੀ ਲਾਗੂ ਕਰਨ ਦੇ ਇਰਾਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਹਿਰ ਅੰਦਰ ਪੈਰਾ-ਮਿਲਟਰੀ ਫੋਰਸ ਦੀਆਂ 6 ਹਾਫ ਸੈਕਸ਼ਨਾਂ ਤਾਇਨਾਤ ਕਰ ਦਿੱਤੀਆਂ ਹਨ। ਇਨ੍ਹਾਂ 6 ਹਾਫ ਸੈਕਸ਼ਨਾਂ ‘ਚ ਸ਼ਾਮਲ 16 ਦੇ ਕਰੀਬ ਸੀਆਰਪੀਐੱਫ ਦੇ ਜਵਾਨ ਦੋ ਸਹਾਇਕ ਕਮਾਂਡੈਂਟਸ ਦੀ ਅਗਵਾਈ ਹੇਠ ਡਿਊਟੀ ਨਿਭਾਉਣਗੇ। ਇਸ ਸਬੰਧੀ ਜਾਰੀ ਵੀਡੀਓ ਵਿਚ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨ ਡਿਪਟੀ ਕਮਿਸ਼ਨਰ ਤੇ ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਅੰਦਰ ਕੀਤੇ ਗਏ ਫਲੈਗ ਮਾਰਚ ਦੌਰਾਨ ਕੁਝ ਥਾਵਾਂ ‘ਤੇ ਕਰਫਿਊ ਦੀ ਉਲੰਘਣਾ ਦਾ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਤਾਇਨਾਤ ਪੰਜਾਬ ਪੁਲਿਸ ਦੇ ਜਵਾਨ ਤੇ ਅਧਿਕਾਰੀ ਲਗਾਤਾਰ ਡਿਊਟੀ ਦੇਣ ਕਾਰਨ ਉਨ੍ਹਾਂ ਦੇ ਸਹਾਇਤਾ ਲਈ ਅੱਜ ਤੋਂ ਸੀਆਰਪੀਐੱਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ, ਜਿਸ ਲਈ ਉਨ੍ਹਾਂ ਨੇ ਸੀਆਰਪੀਐੱਫ ਦੇ ਸਥਾਨਕ ਉੱਚ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਸੀ।
ਸੀਪੀ ਭੁੱਲਰ ਨੇ ਦੱਸਿਆ ਕਿ ਸੀਆਰਪੀਐੱਫ ਦੇ ਇਨ੍ਹਾਂ ਦੀ ਜਵਾਨਾਂ ਦੀ ਅਗਵਾਈ ਸਹਾਇਕ ਕਮਾਂਡੈਂਟ ਜਸਵਿੰਦਰ ਸਿੰਘ ਅਤੇ ਸਹਾਇਕ ਕਮਾਂਡੈਂਟ ਬੀਐੱਸ ਰਾਵਤ ਕਰਨਗੇ। ਇਨ੍ਹਾਂ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਭੀੜ ਇਕੱਤਰ ਹੋਣ ਵਾਲੀਆਂ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ ਦਿਲਕੁਸ਼ਾ ਮਾਰਕੀਟ ਨੇੜੇ ਅਤੇ ਸਬਜ਼ੀ ਮੰਡੀ ਮਕਸੂਦਾਂ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਾਹਰ ਨਾ ਨਿਕਲਣ ਦੇਣ ਕਿਉਂਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਖਤਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਸੀਪੀ ਨੇ ਫਿਰ ਚਿਤਾਵਨੀ ਦਿੱਤੀ ਕਿ ਜਿਹੜੇ ਲੋਕ ਬਿਨਾਂ ਮਤਲਬ ਕਰਫਿਊ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ, ਜਿਵੇਂ ਕਿ ਬੀਤੇ ਦਿਨ ਕੁਝ ਲੋਕਾਂ ਦੇ ਵਾਹਨ ਜ਼ਬਤ ਕੀਤੇ ਗਏ, ਚਾਲਾਨ ਕੱਟੇ ਗਏ ਅਤੇ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਉਪੰਰਤ ਏਡੀਸੀਪੀ-1 ਡੀ ਸੁਡਰਵਿਜ਼ੀ ਨੇ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਨੂੰ ਪ੍ਰੈੱਸ ਕਲੱਬ ਚੌਕ, ਪੀਐੱਨਬੀ ਚੌਕ ਅਤੇ ਸਬਜ਼ੀ ਮੰਡੀ ਵਿਚ ਨਾਕਿਆਂ ਉਪਰ ਤਾਇਨਾਤ ਕਰਨ ਲਈ ਕਮਿਸ਼ਨਰੇਟ ਪੁਲਿਸ ਦੇ ਸਬੰਧਤ ਅਫਸਰਾਂ ਨਾਲ ਤਾਇਨਾਤ ਕਰ ਦਿੱਤਾ।
ਦਿਲਕੁਸ਼ਾ ਮਾਰਕੀਟ ਨੂੰ ਜਾਂਦੇ ਸਾਰੇ ਰਸਤੇ ਸੀਲ –
ਪਿਛਲੇ ਦੋ ਦਿਨਾਂ ਦੌਰਾਨ ਦਿਲਕੁਸ਼ਾ ਮਾਰਕੀਟ ਵਿਚ ਦਵਾਈ ਲੈਣ ਲਈ ਆਉਣ ਵਾਲੇ ਲੋਕਾਂ ਦੀ ਭੀੜ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ‘ਤੇ ਪੁਲਿਸ ਅਧਿਕਾਰੀਆਂ ਨੇ ਅੱਜ ਮਾਰਕੀਟ ਨੂੰ ਆਉਣ ਵਾਲੇ ਸਾਰੇ ਰਸਤਿਆਂ ਦੀ ਨਾਕੇਬੰਦੀ ਕਰਕੇ ਸੀਲ ਕਰ ਦਿੱਤੇ। ਨਾਕਿਆਂ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਉਸ ਪਾਸੇ ਨੂੰ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੁੱਛਗਿੱਛ ਕਰਕੇ ਹੀ ਅੱਗੇ ਜਾਣ ਦੇ ਰਹੇ ਸਨ ਅਤੇ ਬਿਨਾਂ ਪਾਸ ਜਾਂ ਐਵੇਂ ਹੀ ਘੁੰਮਣ ਵਾਲਿਆਂ ‘ਤੇ ਸਖ਼ਤੀ ਕੀਤੀ ਜਾ ਰਹੀ ਸੀ। ਦਿਲਕੁਸ਼ਾ ਮਾਰਕੀਟ ਅੰਦਰ ਜਾਣ ਵਾਲੇ ਰਸਤਿਆਂ ‘ਤੇ ਵੀ ਬੈਰੀਕੇਡ ਲਾ ਕੇ ਪੁਲਿਸ ਦਵਾਈ ਲੈਣ ਵਾਲੇ ਲੋਕਾਂ ਨੂੰ ਦਵਾਈ ਦੀਆਂ ਪਰਚੀਆਂ ਦੇਖ ਕੇ ਹੀ ਅੰਦਰ ਜਾਣ ਦੇ ਰਹੇ ਸਨ ਅਤੇ ਰੋਡ ‘ਤੇ ਸਮਾਜਿਕ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਗੋਲੇ ਲਾ ਦਿੱਤੇ ਗਏ ਸਨ। ਪ੍ਰੈੱਸ ਕਲੱਬ ਚੌਕ ‘ਚ ਲਾਏ ਗਏ ਨਾਕੇ ਉਪਰ ਹੀ ਵਾਹਨ ਰੋਕੇ ਜਾ ਰਹੇ ਸਨ ਅਤੇ ਉਥੋਂ ਸਹੀ ਲੋਕਾਂ ਨੂੰ ਪੈਦਲ ਹੀ ਮਾਰਕੀਟ ਵੱਲ ਭੇਜਿਆ ਜਾ ਰਿਹਾ ਸੀ ਤਾਂ ਜੋ ਉਥੇ ਲੋਕਾਂ ਦੀ ਭੀੜ ਨਾ ਲੱਗ ਸਕੇ।
ਹਰਜਿੰਦਰ ਛਾਬੜਾ-ਪਤਰਕਾਰ 9592282333