ਕਰਨਾਟਕ ਵਿੱਚ ਦੋ ਕੇਸ ਮਿਲੇ

ਨਵੀਂ ਦਿੱਲੀ (ਸਮਾਜ ਵੀਕਲੀ) : ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਨਾਲ ਸਬੰਧਤ ਦੋ ਕੇਸ ਅੱਜ ਕਰਨਾਟਕ ਵਿੱਚ ਰਿਪੋਰਟ ਹੋਏ ਹਨ। ਕੇਂਦਰ ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਤਰ੍ਹਾਂ ਦੀ ਦਹਿਸ਼ਤ ਵਿੱਚ ਨਾ ਆਉਣ ਤੇ ਕੋਵਿਡ-19 ਤੋਂ ਸੁਰੱਖਿਆ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਬਿਨਾਂ ਕਿਸੇ ਦੇਰੀ ਦੇ ਟੀਕਾਕਰਨ ਕਰਵਾਉਣ। ‘ਓਮੀਕਰੋਨ’ ਨਾਲ ਗ੍ਰਸਤ ਦੋਵਾਂ ਮਰੀਜ਼ਾਂ ’ਚੋਂ ਇੱਕ ਦੱਖਣ ਅਫ਼ਰੀਕੀ ਨਾਗਰਿਕ ਤੇ ਦੂਜਾ ਮੁਕਾਮੀ ਡਾਕਟਰ ਹੈ ਤੇ ਉਨ੍ਹਾਂ ਵਿੱਚ ਕਰੋਨਾਵਾਇਰਸ ਦੇ ਹਲਕੇ ਲੱਛਣ ਹਨ। ਇਕ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦੋਵਾਂ ਮਰੀਜ਼ ਵਿੱਚ ਹਾਲ ਦੀ ਘੜੀ ਗੰਭੀਰ ਲੱਛਣ ਨਜ਼ਰ ਨਹੀਂ ਆਏ।

ਅਧਿਕਾਰੀ ਨੇ ਕਿਹਾ ਕਿ ਇਨਸਾਕੋਗ ਨੈੱਟਵਰਕ ਰਾਹੀਂ ਦੋ ਓਮੀਕਰੋਨ ਕੇਸਾਂ ਦਾ ਪਤਾ ਲੱਗਾ ਹੈ ਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਪ੍ਰਾਇਮਰੀ ਤੇ ਸੈਕੰਡਰੀ ਸੰਪਰਕਾਂ ਦਾ ਖੁਰਾ-ਖੋਜ ਲਾਇਆ ਜਾ ਚੁੱਕਾ ਹੈ ਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, ‘ਓਮੀਕਰੋਨ ਦੇ ਕੇਸ ਰਿਪੋਰਟ ਹੋਣ ਮਗਰੋਂ ਦਹਿਸ਼ਤਜ਼ਦਾ ਹੋਣ ਦੀ ਕੋਈ ਲੋੜ ਨਹੀਂ, ਪਰ ਹਾਂ ਇਸ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ/ਸੇਧਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤੇ ਭੀੜ-ਭੜੱਕੇ ’ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ।’’ ਅਧਿਕਾਰੀ ਨੇ ਕਿਹਾ ਕੋਵਿਡ-19 ਟੀਕਾਕਰਨ ਦੇ ਘੇਰੇ ਨੂੰ ਵਧਾਉਣਾ ਸਮੇਂ ਦੀ ਲੋੜ ਹੈ। ਇਸ ਦੌਰਾਨ ਸਰਕਾਰ ਨੇ ਕਿਹਾ ਕਿ ਹੁਣ ਤੱਕ 29 ਮੁਲਕਾਂ ਵਿੱਚ ਸਾਰਸ-ਕੋਵ-2 ਦੇ ਓਮੀਕਰੋਨ ਸਰੂਪ ਦੇ 373 ਕੇਸ ਰਿਪੋਰਟ ਹੋ ਚੁੱਕੇ ਹਨ ਤੇ ਭਾਰਤ ਵੱਲੋਂ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕਿਹਾ, ‘‘ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਡੈਲਟਾ ਸਮੇਤ ਹੋਰਨਾਂ ਸਰੂਪਾਂ ਦੇ ਮੁਕਾਬਲੇ ਓਮੀਕਰੋਨ ਦੀ ਲਾਗ ਵਧੇਰੇ ਗੰਭੀਰ ਹੈ।’’ਇਸ ਦੌਰਾਨ ਦਿੱਲੀ ਹਵਾਈ ਅੱਡੇ ’ਤੇ ਅੱਜ ਯੂਕੇ, ਫਰਾਂਸ ਤੇ ਜਰਮਨੀ ਸਮੇਤ ਹੋਰਨਾਂ ਮੁਲਕਾਂ ਤੋਂ 3000 ਦੇ ਕਰੀਬ ਕੌਮਾਂਤਰੀ ਯਾਤਰੀ ਪੁੱਜੇ ਤੇ ਘੱਟੋ ਘੱਟ ਛੇ ਕਰੋਨਾ ਲਈ ਪਾਜ਼ੇਟਿਵ ਨਿਕਲੇ। ਉਧਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ‘ਓਮੀਕਰੋਨ’ ਦੇ ਚੱਲਦਿਆਂ ਹੋਰਨਾਂ ਮੁਲਕਾਂ ਵਾਂਗ ਯਾਤਰੀ ਪਾਬੰਦੀਆਂ ਨਹੀਂ ਲਾਈਆਂ ਬਲਕਿ ਕਰੋਨਾ ਨੇਮਾਂ ਦੀ ਪਾਲਣਾ ਤੇ ਨਿਗਰਾਨੀ ਚੌਖਟੇ ਨੂੰ ਹੀ ਵਧਾਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਚੇ ਨੂੰ ਬਕਾਇਆ ਮੰਗਾਂ ਲਈ ਸਰਕਾਰ ਦੇ ਸਕਾਰਾਤਮਕ ਰਵੱਈਏ ਦੀ ਉਡੀਕ
Next articleਸ਼ਹੀਦ ਕਿਸਾਨਾਂ ਦੀ ਸੂਚੀ ਦੇਣ ਲਈ ਤਿਆਰ, ਪਰ ਸਰਕਾਰ ਕੁਫ਼ਰ ਨਾ ਤੋਲੇ: ਸੰਯੁਕਤ ਕਿਸਾਨ ਮੋਰਚਾ