ਕਰਨਾਟਕ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਵਲੋਂ ਪੇਸ਼ ਭਰੋਸੇ ਦੇ ਮੱਤ ’ਤੇ ਬਹਿਸ ਭਲਕ (ਸ਼ੁੱਕਰਵਾਰ) ਸਵੇਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਭਰੋਸੇ ਦੇ ਮੱਤ ’ਤੇ ਬਹਿਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਇਸ ਦੌਰਾਨ ਕਾਂਗਰਸ-ਜੇਡੀਐੱਸ ਗੱਠਜੋੜ ਦੇ ਅਸਤੀਫ਼ਾ ਦੇਣ ਵਾਲੇ 16 ਬਾਗ਼ੀ ਤੇ ਇਕ ਹੋਰ ਵਿਧਾਇਕ ਸਮੇਤ ਕੁੱਲ 20 ਵਿਧਾਇਕ ਅੱਜ ਅਸੈਂਬਲੀ ’ਚੋਂ ਗੈਰਹਾਜ਼ਰ ਰਹੇ। ਬੀਐੱਸਪੀ ਦਾ ਇਕੋ ਇਕ ਵਿਧਾਇਕ ਮਹੇਸ਼ ਵੀ ਗੈਰਹਾਜ਼ਰਾਂ ਦੀ ਸੂਚੀ ’ਚ ਸ਼ੁਮਾਰ ਹੈ। ਉਧਰ ਬੀ.ਐੱਸ. ਯੇਦੀਯੁਰੱਪਾ ਨੇ ਐਲਾਨ ਕੀਤਾ ਕਿ ਭਾਜਪਾ ਦੇ ਮੈਂਬਰ ਰਾਤ ਭਰ ਸਦਨ ਵਿੱਚ ਰਹਿਣਗੇ। ਉਨ੍ਹਾਂ ਕਿਹਾ ਕਿ ਭਰੋਸੇ ਦੇ ਮਤੇ ’ਤੇ ਫ਼ੈਸਲਾ ਹੋਣ ਤੱਕ ਉਹ ਸਦਨ ਵਿੱਚ ਡਟੇ ਰਹਿਣਗੇ। ਇਸ ਦੌਰਾਨ ਭਰੋੋਸੇ ਦੇ ਮੱਤ ਨੂੰ ਬੇਲੋੜਾ ਲਮਕਾਉਣ ਤੋਂ ਖ਼ਫ਼ਾ ਭਾਜਪਾ ਦੇ ਇਕ ਵਫ਼ਦ ਨੇ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕੀਤੀ। ਭਾਜਪਾ ਆਗੂਆਂ ਨੇ ਕਿਹਾ ਕਿ ਉਹ ਅੱਜ ਦੇ ਘਟਨਾਕ੍ਰਮ ਮਗਰੋਂ ਸੁਪਰੀਮ ਕੋਰਟ ਦਾ ਰੁਖ਼ ਕਰ ਸਕਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਐੱਚ.ਡੀ.ਕੁਮਾਰਸਵਾਮੀ ਨੇ ਅੱਜ ਅਸੈਂਬਲੀ ਵਿੱਚ ਇਕ ਫ਼ਿਕਰੇ ਨਾਲ ਭਰੋਸੇ ਦਾ ਮੱਤ ਰੱਖਦਿਆਂ ਕਿਹਾ ਕਿ ਸਦਨ ਨੂੰ 14 ਮਹੀਨੇ ਪੁਰਾਣੀ ਸਰਕਾਰ ਵਿੱਚ ਪੂਰਾ ਭਰੋਸਾ ਹੈ। ਕੁਮਾਰਸਵਾਮੀ ਨੇ ਕਿਹਾ ਕਿ ਬਾਗ਼ੀ ਵਿਧਾਇਕਾਂ ਨੇ ਸੱਤਾਧਾਰੀ ਗੱਠਜੋੜ ਨੂੰ ਲੈ ਕੇ ਕਈ ਖ਼ਦਸ਼ੇ ਖੜ੍ਹੇ ਕੀਤੇ ਹਨ ਤੇ ‘ਸਾਨੂੰ ਲੋਕਾਂ ਨੂੰ ਸੱਚ ਦੱਸਣਾ ਹੋਵੇਗਾ।’ ਉਨ੍ਹਾਂ ਕਿਹਾ ਕਿ ਪੂਰਾ ਮੁਲਕ ਕਰਨਾਟਕ ਵਿੱਚ ਚੱਲ ਰਹੇ ਘਟਨਾਕ੍ਰਮ ਨੂੰ ਵੇਖ ਰਿਹਾ ਹੈ। ਉਧਰ ਕਾਂਗਰਸ ਵਿਧਾਇਕ ਦਲ ਦੇ ਆਗੂ ਸਿੱਧਾਰਮਈਆ ਨੇ ਸਪੀਕਰ ਨੂੰ ਕਿਹਾ ਕਿ ਉਹ ਵ੍ਹਿਪ ਦੇ ਭਵਿੱਖ ਨੂੰ ਲੈ ਕੇ ਫ਼ੈਸਲਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਵ੍ਹਿਪ ਬਾਰੇ ਕੋਈ ਫੈਸਲਾ ਕੀਤੇ ਬਿਨਾਂ ਭਰੋਸੇ ਦੇ ਮੱਤ ’ਤੇ ਚਰਚਾ ਹੁੰਦੀ ਹੈ ਤਾਂ ਇਹ ਗ਼ੈਰਸੰਵਿਧਾਨਕ ਹੋਵੇਗਾ। ਅਸੈਂਬਲੀ ਵਿੱਚ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਦਰਮਿਆਨ ਹੋਈ ਤਿੱਖੀ ਨੋਕ ਝੋਕ ਦੌਰਾਨ ਤਿੰਨ ਵਾਰ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਵਿਧਾਨ ਸਭਾ ਦੇ ਡਿਪਟੀ ਸਪੀਕਰ ਕ੍ਰਿਸ਼ਨਾ ਰੈਡੀ ਨੇ ਕਾਂਗਰਸੀ ਮੈਂਬਰਾਂ ਵਲੋਂ ਭਾਜਪਾ ਖ਼ਿਲਾਫ਼ ਲਗਾਤਾਰ ਕੀਤੀ ਗਈ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਕੁਮਾਰਸਵਾਮੀ ਨੇ ਹਾਲੇ ਤੱਕ ਪ੍ਰਸਤਾਵ ’ਤੇ ਆਪਣਾ ਭਾਸ਼ਣ ਦੇਣਾ ਹੈ। ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਭਾਜਪਾ ਆਗੂ ਬੀ.ਐੱਸ. ਯੇਦੀਯੁਰੱਪਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਰਾਤ ਭਰ ਸਦਨ ਵਿੱਚ ਹੀ ਰਹਿਣਗੇ ਅਤੇ ਭਰੋਸੇ ਦੇ ਮਤੇ ’ਤੇ ਫ਼ੈਸਲਾ ਹੋਣ ਤੱਕ ਸਦਨ ਵਿੱਚ ਡਟੇ ਰਹਿਣਗੇ। ਉਧਰ ਕਾਂਗਰਸੀ ਵਿਧਾਇਕ ਸ੍ਰੀਮੰਤ ਪਾਟਿਲ ਦੀ ਗੈਰਹਾਜ਼ਰੀ ਨੇ ਸੱਤਾਧਾਰੀ ਗੱਠਜੋੜ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਉਹ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਹਨ।
HOME ਕਰਨਾਟਕ: ਭਰੋਸੇ ਦੇ ਮੱਤ ’ਤੇ ਬਹਿਸ ਮੁਲਤਵੀ