ਕਰਨਾਟਕ ਵਿਚ ਵਿਧਾਇਕਾਂ ਦੀ ਖਰੀਦੋ ਫ਼ਰੋਖਤ ਦੇ ਲੱਗ ਰਹੇ ਦੋਸ਼ਾਂ ਦੇ ਮੱਦੇਨਜ਼ਰ ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ ਜਦਕਿ ਮੁੱਖ ਮੰਤਰੀ ਐਚਡੀ ਕੁਮਾਰਾਸਵਾਮੀ ਨੇ ਨਿਸ਼ਚੇ ਨਾਲ ਆਖਿਆ ਕਿ ਸੱਤ ਮਹੀਨੇ ਪੁਰਾਣੀ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ।
ਅੱਜ ਐਚ ਨਾਗੇਸ਼ (ਆਜ਼ਾਦ) ਅਤੇ ਆਰ ਸ਼ੰਕਰ (ਕੇਪੀਜੇਪੀ) ਨੇ ਰਾਜਪਾਲ ਵਜੂਭਾਈ ਵਾਲਾ ਨੂੰ ਪੱਤਰ ਲਿਖ ਕੇ ਫੌਰੀ ਹਮਾਇਤ ਵਾਪਸ ਲੈਣ ਦੀ ਇਤਲਾਹ ਦਿੱਤੀ ਹੈ। ਦੋਵੇਂ ਵਿਧਾਇਕ ਇਸ ਵੇਲੇ ਮੁੰਬਈ ਦੇ ਇਕ ਹੋਟਲ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਇਕੋ ਜਿਹੇ ਪੱਤਰ ਰਾਜਪਾਲ ਨੂੰ ਭਿਜਵਾਏ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਚਾਰ ਵਿਧਾਇਕਾਂ ਦੇ ਵੀ ਹੋਟਲ ਵਿੱਚ ਠਹਿਰਨ ਦੀਆਂ ਰਿਪੋਰਟਾਂ ਿਮਲੀਆਂ ਹਨ। ਇਸ ਤਰ੍ਹਾਂ 224 ਮੈਂਬਰੀ ਵਿਧਾਨ ਸਭਾ ਵਿਚ ਸੱਤਾਧਾਰੀ ਗੱਠਜੋੜ ਦੀ ਹਮਾਇਤ 118 ਰਹਿ ਗਈ ਹੈ ਜੋ ਬਹੁਮਤ ਤੋਂ ਅਜੇ ਵੀ ਜ਼ਿਆਦਾ ਹੈ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 104, ਕਾਂਗਰਸ ਨੂੰ 79, ਜਨਤਾ ਦਲ ਸੈਕੁਲਰ ਨੂੰ 37 ਸੀਟਾਂ ਮਿਲੀਆਂ ਸਨ। ਬਸਪਾ, ਕੇਪੀਜੇਪੀ ਅਤੇ ਆਜ਼ਾਦ ਵਿਧਾਇਕਾਂ ਨੇ ਸੱਤਾਧਾਰੀ ਗੱਠਜੋੜ ਦੀ ਹਮਾਇਤ ਦਿੱਤੀ ਸੀ। ਮੁੱਖ ਮੰਤਰੀ ਕੁਮਾਰਾਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾਕ੍ਰਮ ਤੋਂ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ‘‘ ਮੈਨੂੰ ਆਪਣੀ ਸ਼ਕਤੀ ਪਤਾ ਹੈ। ਮੇਰੀ ਸਰਕਾਰ ਸਥਿਰ ਹੈ। ਘਬਰਾਉਣ ਦੀ ਲੋੜ ਨਹੀਂ। ਪਿਛਲੇ ਇਕ ਹਫ਼ਤੇ ਤੋਂ ਸਾਡੇ ਕੰਨੜ ਚੈਨਲ (ਟੀਵੀ) ਖੋਲ੍ਹ ਕੇ ਜਦੋਂ ਵੀ ਦੇਖਦਾ ਹਾਂ ਤਾਂ ਮੈਨੂੰ ਖੂਬ ਮਜ਼ਾ ਆਉਂਦਾ ਹੈ।’’
ਉਧਰ, ਭਾਜਪਾ ਨੇ ਆਪਣੇ 104 ਵਿਧਾਇਕ ਹਰਿਆਣਾ ਦੇ ਨੂਹ ਜ਼ਿਲੇ ਵਿਚਲੇ ਇਕ ਰਿਜ਼ੌਰਟ ਵਿਚ ਠਹਿਰਾਏ ਹੋਏ ਹਨ ਤੇ ਪਾਰਟੀ ਨੂੰ ਡਰ ਹੈ ਕਿ ਸੱਤਾਧਾਰੀ ਗੱਠਜੋੜ ਉਸ ਦੇ ਵਿਧਾਇਕਾਂ ਨੂੰ ਨਾ ਪੱਟ ਲਵੇ। ਆਜ਼ਾਦ ਵਿਧਾਇਕ ਨਾਗੇਸ਼ ਮੰਤਰੀ ਨਾ ਬਣਾਏ ਜਾਣ ਕਰ ਕੇ ਖਫ਼ਾ ਸੀ ਜਦਕਿ ਸ਼ੰਕਰ ਨੇ ਮਈ 2018 ਵਿਚ ਪਹਿਲਾਂ ਭਾਜਪਾ ਨੂੰ ਹਮਾਇਤ ਦੇ ਦਿੱਤੀ ਸੀ ਪਰ ਫਿਰ ਆਖਰੀ ਪਲਾਂ ’ਤੇ ਕਾਂਗਰਸ ਵੱਲ ਪਾਸਾ ਬਦਲ ਲਿਆ ਸੀ।
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸਾਬਕਾ ਮੁੱਖ ਮੰਤਰੀ ਸਿਦਾਰਮਈਆ, ਉਪ ਮੁੱਖ ਮੰਤਰੀ ਜੀ ਪਰਮੇਸ਼ਵਰ, ਸੀਨੀਅਰ ਮੰਤਰੀ ਡੀ ਕੇ ਸ਼ਿਵਾਕੁਮਾਰ, ਗ੍ਰਹਿ ਮੰਤਰੀ ਐਮ ਬੀ ਪਾਟਿਲ ਅਤੇ ਹੋਰ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਕੁਮਾਰਾਸਵਾਮੀ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ‘ਅਪਰੇਸ਼ਨ ਲੋਟਸ’ ਕੋਝਾ ਮਜ਼ਾਕ ਹੈ ਜੋ ਮੀਡੀਆ ਰਾਹੀਂ ਪੈਦਾ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਨੇ ਦੋਸ਼ ਲਾਇਆ ਕਿ ਜੇਡੀਐਸ ਅਤੇ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਲਈ 60 ਕਰੋੜ ਰੁਪਏ ਅਤੇ ਵਿਧਾਇਕਾਂ ਨੂੰ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
HOME ਕਰਨਾਟਕ: ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ ਤੋਂ ਹਮਾਇਤ ਵਾਪਸ ਲਈ