ਕਰਨਾਟਕ ਦੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ

ਨਵੀਂ ਦਿੱਲੀ (ਸਮਾਜ ਵੀਕਲੀ): ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਕਰਨਾਟਕ ਦੇ ਸੋਮੋਗਾ ਜ਼ਿਲ੍ਹੇ ਦੇ ਕਿਸਾਨ ਗਾਜ਼ੀਪੁਰ ਹੱਦ ’ਤੇ ਪੁੱਜੇ। ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਮੁੱਖ ਸਟੇਜ ਤੋਂ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਕਿਸਾਨਾਂ ਨੇ ਭਗਤ ਰਵੀਦਾਸ ਨੂੰ ਯਾਦ ਕੀਤਾ ਤੇ ਸ਼ਹੀਦ ਚੰਦਰ ਸ਼ੇਖਰ ਦੀ ਅੰਗਰੇਜ਼ਾਂ ਖ਼ਿਲਾਫ਼ ਲੜਾਈ ਨੂੰ ਮੌਜੂਦਾ ਪ੍ਰਸੰਗ ਵਿੱਚ ਯਾਦ ਕੀਤਾ।

ਗਾਜ਼ੀਪੁਰ ਵਿੱਚ ਸ਼ਾਮ ਨੂੰ ਕਿਸਾਨਾਂ ਤੇ ਨੌਜਵਾਨਾਂ ਨੇ ਮਾਰਚ ਕੱਢਿਆ ਤੇ ਦੋਸ਼ ਲਾਇਆ ਕਿ ਦੇਸ਼ ਆਜ਼ਾਦ ਹੋਣ ਮਗਰੋਂ ਸੱਤਾ ’ਤੇ ਕਾਬਜ਼ ਹੋਏ ਕਾਲੇ ਅੰਗਰੇਜ਼ਾਂ ਨੇ ਸ਼ਹੀਦਾਂ ਵੱਲੋਂ ਖ਼ੂਨ ਡੋਲ੍ਹ ਕੇ ਪ੍ਰਾਪਤ ਕੀਤੀ ਆਜ਼ਾਦੀ ਨੂੰ ਹੁਣ ਕਾਰਪੋਰੇਟ ਘਰਾਣਿਆਂ ਦੇ ਪੈਰਾਂ ਵਿੱਚ ਧਰਨ ਦਾ ਖ਼ਤਰਨਾਕ ਤੇ ਅੰਨ੍ਹਾ ਰਾਹ ਚੁਣ ਲਿਆ ਹੈ। ਕਿਸਾਨ ਆਗੂ ਬਰਜਿੰਦਰ ਸਿੰਘ  ਮਾਨ ਨੇ ਕਿਹਾ ਕਿ ਕਾਰਪੋਰੇਟ ਦੇ ਖੇਤੀ ਖੇਤਰ ਵਿੱਚ ਦਾਖ਼ਲੇ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਹੁਣ ਸਰਕਾਰੀ ਖਰੀਦ ਤੋਂ ਹੱਥ ਪਿੱਛੇ ਖਿੱਚ ਕੇ ਕਿਸਾਨਾਂ ਨੂੰ ਘਰਾਣਿਆਂ ਦੇ ਰਹਿਮੋ-ਕਰਮ ’ਤੇ ਛੱਡ ਦੇਣਾ ਚਾਹੁੰਦੀ ਹੈ। ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ, ਜਿਸ ਕਰਕੇ ਆਰਥਿਕਤਾ ਤਬਾਹੀ ਦੇ ਕਿਨਾਰੇ ਪੁੱਜ ਗਈ ਹੈ।

Previous articleਭਾਜਪਾ ਅਤੇ ਸੰਘ ਨੇ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਗਾਈ: ਰਾਹੁਲ
Next articleਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹਾਂਗੀ: ਨੌਦੀਪ ਕੌਰ