ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਮਹਾਮਾਰੀ ਦੇ ਦਿਨੋਂ ਦਿਨ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਕੰਟੇਨਮੈਂਟ ਕਲੱਸਟਰ ਯੋਜਨਾਵਾਂ ਦੇ ਹਿੱਸੇ ਵਜੋਂ ਕਈ ਰਾਜਾਂ ਨੇ ਅੱਜ ਮੁੜ ਲੌਕਡਾਊਨ ਕਰ ਦਿੱਤਾ। ਇਹ ਛੋਟਾ ਲੌਕਡਾਊਨ ਦੋ ਦਿਨਾਂ ਤੱਕ ਦੇ ਸਮੇਂ ਲਈ ਵੀ ਕੀਤਾ ਗਿਆ ਹੈ। ਕਰਨਾਟਕ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਵੱਲੋਂ ਅੱਜ ਲੌਕਡਾਊਨ ਐਲਾਨਿਆ ਗਿਆ।
ਇਸ ਲੌਕਡਾਊਨ ਦੀ ਮਿਆਦ ਖੇਤਰਾਂ ਮੁਤਾਬਕ ਵੱਖ-ਵੱਖ ਰੱਖੀ ਗਈ ਹੈ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਜਦੋਂ ਤੱਕ ਅਤਿ ਜ਼ਰੂਰੀ ਨਾ ਹੋਵੇ ਬਿਨਾਂ ਵਜ੍ਹਾ ਬਾਹਰ ਨਾ ਨਿਕਲਣ ਦਾ ਮਸ਼ਵਰਾ ਦਿੱਤਾ ਗਿਆ ਹੈ। ਕਰਨਾਟਕ ਸਰਕਾਰ ਵੱਲੋਂ ਸ਼ਾਮ ਸਮੇਂ ਬੰਗਲੌਰ ਵਿੱਚ ਸ਼ਹਿਰ ਤੇ ਪੇਂਡੂ ਖੇਤਰਾਂ ਲਈ 14 ਜੁਲਾਈ ਤੋਂ ਇਕ ਹਫ਼ਤੇ ਦੇ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ।