ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਰਫ਼ਤਾਰ ਦੇਣ ਅਤੇ ਦੋਵਾਂ ਦੇਸ਼ਾਂ ’ਚ ਲਾਂਘੇ ਨੂੰ ਇਕਸਾਰ ਰੱਖਣ ਲਈ ਅੱਜ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਦੀ ਅਹਿਮ ਮੀਟਿੰਗ ਹੋਈ। ਡੇਰਾ ਬਾਬਾ ਨਾਨਕ ਕੋਲ ਪੈਂਦੇ ਧੁੱਸੀ ਬੰਨ੍ਹ ਕੋਲ ਸਥਿਤ ਕੰਡਿਆਲੀ ਤਾਰ ਦੇ ਪਾਰ ‘ਜ਼ੀਰੋ ਲਾਈਨ’ ’ਤੇ ਮੀਟਿੰਗ ਹੋਈ ਜੋ ਸਵੇਰੇ ਸਾਢੇ ਗਿਆਰਾਂ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਸੁਖਾਵੇਂ ਮਾਹੌਲ ’ਚ ਚੱਲੀ। ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਾਰਟੀ ਦੇ ਅਖਿਲ ਸਕਸੈਨਾ, ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਐੱਨਆਰ ਗੋਇਲ ਅਤੇ ਡਰੇਨ ਵਿਭਾਗ ਦੇ ਐੱਸਈ ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਇਸ ਮੀਟਿੰਗ ’ਚ ਹਿੱਸਾ ਲਿਆ। ਭਾਰਤ ਵੱਲੋਂ ਲੈਂਡ ਪੋਰਟ ਅਥਾਰਟੀ ਦੇ ਉੱਚ ਅਧਿਕਾਰੀ ਅਖਿਲ ਸਕਸੈਨਾ ਸਮੇਤ ਹੋਰ ਅਧਿਕਾਰੀਆਂ ਨੇ ਅਤੇ ਪਾਕਿਸਤਾਨ ਤੋਂ ਆਏ ਅਧਿਕਾਰੀਆਂ ਨੇ ਮੀਟਿੰਗ ’ਚ ਸ਼ਮੂਲੀਅਤ ਕੀਤੀ। ਅਧਿਕਾਰੀਆਂ ਨੇ ਭਾਵੇਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਦਿੱਤਾ ਪਰ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਲਾਂਘੇ ਲਈ ਬਣਨ ਵਾਲੀ ਸੜਕ ਦੀ ਉਚਾਈ ਤੇ ਚੌੜਾਈ ਲਈ ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਸਹਿਮਤੀ ਦਿੱਤੀ ਹੈ। ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਉਸ ਜਗ੍ਹਾ ਦਾ ਜਾਇਜ਼ਾ ਵੀ ਲਿਆ ਹੈ, ਜਿੱਥੋਂ ਦੋਵਾਂ ਦੇਸ਼ਾਂ ਨੂੰ ਜੋੜਦੀ ਸੜਕ ਬਣੇਗੀ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਨਗੇ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਲਾਂਘੇ ਵਾਲੇ ਗੇਟ ਐਨ ਆਹਮੋ ਸਾਹਮਣੇ ਬਣਾਉਣ ਬਾਰੇ ਗੱਲ ਆਖੀ, ਦੱਸੀ ਗਈ ਹੈ। ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਭਾਰਤ ਵਾਲੇ ਪਾਸੇ ਤੋਂ ਕੁਝ ਦਿਨਾਂ ’ਚ ਲਾਂਘੇ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਰਿਹਾ ਹੈ। ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਮੀਨ ਮਾਲਕ ਕਿਸਾਨਾਂ ਦਾ ਮੁਆਵਜ਼ਾ ਸਥਾਨਕ ‘ਡੇਰਾ ਬਾਬਾ ਨਾਨਕ’ ਪ੍ਰਸਾਸ਼ਨ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 50 ਏਕੜ ਜ਼ਮੀਨ ’ਤੇ ਬਣਨ ਵਾਲੀ ਇੰਟੈਗਰੇਟਿਡ ਚੈੱਕ ਪੋਸਟ ਦਾ ਨਿਰਮਾਣ ਕੰਮ ਅੱਜ ਸ਼ੁਰੂ ਹੋ ਗਿਆ ਹੈ। ਮੀਟਿੰਗ ਤੋਂ ਪਹਿਲਾਂ ਭਾਰਤ ਵਾਲੇ ਪਾਸੇ ਦੋ ਜੇਸੀਬੀ ਮਸ਼ੀਨਾਂ ਨਾਲ ਲੱਖਾ ਸਿੰਘ ਕਾਹਲੋਂ ਨਾਂ ਦੇ ਇੱਕ ਕਿਸਾਨ ਦੇ ਖੇਤ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਇਹ ਜ਼ਮੀਨ ਲਾਂਘੇ ਵਾਲੀ ਥਾਂ ਲਈ ਐਕੁਆਇਰ ਕੀਤੀ ਗਈ ਹੈ। ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੱਖਾ ਸਿੰਘ ਸਮੇਤ ਉਨ੍ਹਾਂ ਸਾਰਿਆਂ ਕਿਸਾਨਾਂ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਜ਼ਮੀਨ ਲਾਂਘੇ ਲਈ ਐਕੁਆਇਰ ਕੀਤੀ ਗਈ।
HOME ਕਰਤਾਰਪੁਰ ਲਾਂਘਾ: ਆਹਮੋ-ਸਾਹਮਣੇ ਬਣਨਗੇ ਦੋਹਾਂ ਦੇਸ਼ਾਂ ਦੇ ਗੇਟ