ਭਾਜਪਾ ਨੇ ‘ਮੈਂ ਭੀ ਹੁੂੰ ਚੌਕੀਦਾਰ’ ਮੁਹਿ਼ੰਮ ਨੂੰ ਚੋਣ ਪ੍ਰਚਾਰ ਦਾ ਹਥਿਆਰ ਬਣਾ ਲਿਆ ਹੈ। ਇਸ ਮੁਹਿੰਮ ਤਹਿਤ ਅੱਜ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਸੰਵਾਦ ਰਚਾਇਆ। ਇਹ ਪ੍ਰੋਗਰਾਮ ਸੈਕਟਰ-33 ਸਥਿਤ ਭਾਜਪਾ ਦੇ ਦਫਤਰ ‘ਕਮਲਮ’ ਵਿਚ ਕੀਤਾ ਗਿਆ ਜਿਸ ਦਾ ਸ਼ੋਸਲ ਮੀਡੀਆ ’ਤੇ ਸਿੱਧਾ ਪ੍ਰਸਾਰਨ ਹੋਇਆ। ਸ੍ਰੀ ਟੰਡਨ ਨੇ ਇਸ ਮੁਹਿੰਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜਦਿਆਂ ਕਿਹਾ ਕਿ ਸੁਰੱਖਿਆ ਕਰਮੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਗਲੀਆਂ, ਮੁਹੱਲਿਆਂ, ਹਸਪਤਾਲਾਂ, ਸਰਕਾਰੀ ਦਫਤਰਾਂ ਆਦਿ ਵਿਚ ਤਾਇਨਾਤ ਹੋ ਕੇ ਅਸਲ ਵਿਚ ਚੌਕੀਦਾਰ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਚੌਕੀਦਾਰਾਂ ਦਾ ਘੇਰਾ ਵਿਸ਼ਾਲ ਕਰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਤੋਂ ਬਚਾਉਣ ਲਈ ਪੁਲੀਸ ਮੁਲਾਜ਼ਮ ਅਤੇ ਫੌਜੀ ਸਰਹੱਦਾਂ ਉਪਰ ਡੱਟ ਕੇ ਚੌਕੀਦਾਰ ਦੀ ਭੂਮਿਕਾ ਹੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਵੀ ਦੇਸ਼ ਵਿਚ ਘੱਪਲੇਬਾਜ਼ਾਂ ਅਤੇ ਭ੍ਰਿਸ਼ਟਾਚਾਰੀਆਂ ਦੀ ਨਕੇਲ ਕੱਸ ਕੇ ਚੌਕੀਦਾਰ ਦੀ ਭੂਮਿਕਾ ਹੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਵਿਰੋਧੀ ਪਾਰਟੀਆਂ ਵੱਲੋਂ ਸ੍ਰੀ ਮੋਦੀ ਖ਼ਿਲਾਫ਼ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹੋ ਪਾਰਟੀਆਂ ਚੌਕੀਦਾਰ ਉਪਰ ਰੌਲਾ ਪਾ ਰਹੀਆਂ ਹਨ, ਜੋ ਖੁੱਦ ਭ੍ਰਿਸ਼ਟਾਚਾਰ ਵਿਚ ਡੁੱਬੀਆਂ ਪਈਆਂ ਹਨ। ਸ੍ਰੀ ਟੰਡਨ ਨੇ ਦੋਸ਼ ਲਾਇਆ ਕਿ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੌਜ ਵੱਲੋਂ ਕੀਤੀ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਕੇ ਦੇਸ਼-ਵਿਰੋਧੀ ਹੋਣ ਭੂਮਿਕਾ ਨਿਭਾਈ ਹੈ। ਇਸ ਮੌਕੇ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਸ੍ਰੀ ਟੰਡਨ ਨੇ ਪਿੱਛਲੇ ਸਮੇਂ ਉਨ੍ਹਾਂ ਦੀਆਂ ਨੌਕਰੀਆਂ ਬਚਾਈਆਂ ਸਨ। ਇਸ ਲਈ ਜਿਥੇ ਸ੍ਰੀ ਮੋਦੀ ਦੇਸ਼ ਦੇ ਚੌਕੀਦਾਰ ਹਨ, ਉਥੇ ਸ੍ਰੀ ਟੰਡਨ ਚੰਡੀਗੜ੍ਹ ਦੇ ਚੌਕੀਦਾਰ ਹਨ।
INDIA ਕਮਲਮ ਦਫ਼ਤਰ ਵਿੱਚ ‘ਚੌਕੀਦਾਰ’ ਮੁਹਿੰਮ ਤਹਿਤ ਸਮਾਗਮ