ਦੇਸ਼ ਪੱਧਰੀ 21 ਰੋਜ਼ਾ ਲੌਕਡਾਊਨ 14 ਅਪਰੈਲ ਨੂੰ ਖਤਮ ਹੋਣ ਕਾਰਨ ਕਣਕ ਦੀ ਖਰੀਦ ਅਗਲੇ ਮਹੀਨੇ ਦੇ ਅੱਧ ਤੱਕ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਭਾਰਤੀ ਖੁਰਾਕ ਕਾਰਪੋਰੇਸ਼ਨ (ਐੱਫਸੀਆਈ) ਨੇ ਅਜੇ ਤੱਕ ਕਣਕ ਦੀ ਸਰਕਾਰੀ ਖਰੀਦ ਤੇ ਇਸ ਦੀ ਸੰਭਾਲ ਸਬੰਧੀ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਹੈ। ਐੱਫਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਕਣਕ ਦੀ ਖਰੀਦ ਆਮ ਤੌਰ ’ਤੇ ਸੂਬਾਈ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਪਰ ਇਹ ਸੂਬਾ ਸਰਕਾਰਾਂ ਦੀ ਇੱਛਾ ਹੈ ਜੇ ਉਹ ਆਪਣੀ ਮਰਜ਼ੀ ਦੀ ਤਾਰੀਕ ’ਤੇ ਖਰੀਦ ਸ਼ੁਰੂ ਕਰਨਾ ਚਾਹੁਣ ਤਾਂ ਕਰ ਸਕਦੇ ਹਨ। ਹਰਿਆਣਾ ਸਰਕਾਰ ਨੇ 20 ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਪੰਜਾਬ, ਹਰਿਆਣਾ ਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਕਣਕ ਦੀ ਕਟਾਈ ਲਈ ਮਜ਼ਦੂਰਾਂ ਦੀ ਘਾਟ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਕਿਸਾਨ ਕ੍ਰਿਸ਼ਨ ਕੁਮਾਰ ਨੇ ਅਜਿਹੇ ਹਾਲਾਤ ਦੀ ਪੁਸ਼ਟੀ ਕੀਤੀ ਹੈ।