ਇਸ ਖੇਤਰ ਦੇ ਸਾਰੇ ਖ਼ਰੀਦ ਕੇਂਦਰਾਂ ’ਚ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਕਣਕ ਦੀ ਢੋਆ ਢੁਆਈ ਦੀ ਰਫ਼ਤਾਰ ਕਾਫ਼ੀ ਮੱਧਮ ਹੋਣ ਕਾਰਨ ਤਕਰੀਬਨ ਸਾਰੇ ਹੀ ਕੇਂਦਰਾਂ ‘ਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਵਿੱਕਰੀ ਲਈ ਜਿਣਸ ਢੇਰੀ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਬਚੀ। ਇਸ ਵਾਰ ਮੌਸਮ ਦੀ ਖ਼ਰਾਬੀ ਕਾਰਨ ਮੰਡੀਆਂ ’ਚ ਜਿਣਸ ਦੀ ਖਰੀਦ ਕੁਝ ਪਛੜ ਕੇ ਸ਼ੁਰੂ ਹੋਈ ਸੀ। ਮਾਰਕੀਟ ਕਮੇਟੀ ਦਫ਼ਤਰ ਤੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਨਥਾਣਾ ਦੇ ਸਾਰੇ 14 ਖਰੀਦ ਕੇਂਦਰਾਂ ’ਚ ਅਪਰੈਲ ਮਹੀਨੇ ਦੇ ਆਖਰੀ ਦਿਨ ਤੱਕ ਸਾਢੇ ਦਸ ਲੱਖ ਗੱਟਾ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋ ਸਾਢੇ ਸੱਤ ਲੱਖ ਗੱਟਾ ਸਰਕਾਰੀ ਏਜੰਸੀਆਂ ਵੱਲੋਂ ਖਰੀਦਿਆ ਗਿਆ ਹੈ ਅਤੇ ਤਿੰਨ ਲੱਖ ਗੱਟਾ ਕਣਕ ਹਾਲੇ ਵੀ ਅਣਵਿਕਿਆ ਪਿਆ ਹੈ। ਸਰਕਾਰੀ ਤੌਰ ‘ਤੇ ਖਰੀਦ ਕੀਤੀ ਗਈ ਕਣਕ ‘ਚੋਂ ਸਿਰਫ਼ ਸਾਢੇ ਤਿੰਨ ਲੱਖ ਗੱਟਾ ਕਣਕ ਦੀ ਹੀ ਢੋਆ ਢੁਆਈ ਕਰਕੇ ਗੋਦਾਮਾਂ ‘ਚ ਲਾਇਆ ਜਾ ਸਕਿਐ ਜਦੋਂ ਕਿ ਸਾਢੇ ਚਾਰ ਲੱਖ ਗੱਟਾ ਕਣਕ ਹਾਲੇ ਵੀ ਢੁਆਈ ਦੀ ਇੰਤਜ਼ਾਰ ’ਚ ਹੈ। ਜਿਣਸ ਦੀ ਆਮਦ ਅਤੇ ਖਰੀਦ ਦੀ ਰਫਤਾਰ ਨਾਲੋਂ ਢੁਆਈ ਦੀ ਰਫ਼ਤਾਰ ਕਾਫ਼ੀ ਧੀਮੀ ਗਤੀ ਹੈ। ਮੰਡੀਆਂ ’ਚ ਖਾਲੀ ਥਾਂ ਨਾ ਬਚੀ ਹੋਣ ਕਾਰਨ ਜਿਣਸਾਂ ਲਿਆਉਣ ਵਾਲੇ ਕਿਸਾਨਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ। ਇਸੇ ਦੌਰਾਨ ਪਿੰਡ ਗੰਗਾ, ਗਿੱਦੜ, ਭੈਣੀ ਅਤੇ ਗੋਬਿੰਦਪੁਰਾ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਵੀ ਮੁਸ਼ਕਲ ਆ ਰਹੀ ਹੈ।
INDIA ਕਣਕ ਦੀ ਢੁਆਈ ਮੱਠੀ, ਮੰਡੀਆਂ ’ਚ ਲੱਗੇ ਅੰਬਾਰ