ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ’ਚ ਰੋਸ

ਸਰਹੱਦੀ ਖੇਤਰ ਦੀਆਂ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਨਾ ਕੀਤੇ ਜਾਣ ਸਮੇਤ ਹੋਰਨਾਂ ਸਮੱਸਿਆਵਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੱਟੀ ਦੇ ਆੜ੍ਹਤੀਆਂ ਵਲੋਂ ਅੱਜ ਤੋਂ ਅਣਮਿਥੇ ਸਮੇਂ ਕਈ ਹੜਤਾਲ ’ਤੇ ਚਲੇ ਜਾਣ ਨਾਲ ਪੈਦਾ ਹੋਈ ਸਥਿਤੀ ਨੂੰ ਸ਼ਾਂਤ ਕਰਨ ਲਈ ਆਏ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਕੰਟਰੋਲਰ ਸੁਖਜਿੰਦਰ ਸਿੰਘ ਨੂੰ ਆੜ੍ਹਤੀਆਂ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨ ਪਿਆ| ਆੜ੍ਹਤੀਆਂ ਨੇ ਅਧਿਕਾਰੀ ਨੂੰ ਪੱਟੀ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਬੰਦੀ ਬਣਾ ਲਿਆ ਤੇ ਅਧਿਕਾਰੀ ਨੂੰ ਆੜ੍ਹਤੀਆਂ ਦੀਆਂ ਮੰਗਾਂ ਮੰਨੇ ਜਾਣ ਲਈ ਮਜਬੂਰ ਹੋਣਾ ਪਿਆ| ਤਿੰਨ ਘੰਟਿਆਂ ਦੀ ਕਸ਼ਮਕਸ ਉਪਰੰਤ ਅਧਿਕਾਰੀ ਨੇ ਅੰਦੋਲਨਕਾਰੀ ਆੜ੍ਹਤੀਆਂ ਕੋਲ ਆ ਕੇ ਉਨ੍ਹਾਂ ਵਲੋਂ ਖਰੀਦੀ ਹੋਈ ਕਣਕ ਦਾ ਭੁਗਤਾਨ ਮੰਗਲਵਾਰ ਤੱਕ ਅਤੇ ਬਰਦਾਨਾ ਸੋਮਵਾਰ ਤੱਕ ਪੁੱਜਦਾ ਕੀਤੇ ਜਾਣ ਦਾ ਯਕੀਨ ਦਿੱਤਾ| ਆੜ੍ਹਤੀਆਂ ਦੇ ਜ਼ਿਲ੍ਹਾ ਪ੍ਰਧਾਨ ਮਹਾਵੀਰ ਸਿੰਘ ਗਿੱਲ ਨੇ ਮੰਗਾਂ ਦੀ ਮੰਗਲਵਾਰ ਤੱਕ ਪੂਰਤੀ ਨਾ ਕੀਤੇ ਜਾਣ ਤੇ ਬੁੱਧਵਾਰ ਤੋਂ ਮੁੜ ਤੋਂ ਅੰਦੋਲਨ ਸ਼ੁਰੂ ਕੀਤੇ ਜਾਣ ਦੀ ਧਮਕੀ ਦਿੱਤੀ ਹੈ| ਧਰਨਾਕਾਰੀਆਂ ਨੂੰ ਆੜ੍ਹਤੀਆਂ ਦੇ ਸੂਬਾ ਆਗੂ ਅਮਰਜੀਤ ਸਿੰਘ ਬਰਾੜ ਦੇ ਇਲਾਵਾ ਜ਼ਿਲ੍ਹਾ ਆਗੂ ਲਾਲਜੀਤ ਸਿੰਘ ਭੁੱਲਰ, ਸਤਨਾਮ ਸਿੰਘ, ਸੇਵਾ ਸਿੰਘ ਉਬੋਕੇ, ਗੁਰਸਾਹਿਬ ਸਿੰਘ, ਬਿਮਲ ਕੁਮਾਰ, ਸੁਖਦੇਵ ਸਿੰਘ ਕੈਰੋਂ ਨੇ ਵੀ ਸੰਬੋਧਨ ਕੀਤਾ|

Previous articleਮੈਟਰੋ ਪ੍ਰਾਜੈਕਟ: ਕਿਰਨ ਖੇਰ ਤੇ ਪਵਨ ਬਾਂਸਲ ’ਚ ਸਿਆਸੀ ਜੰਗ ਭਖ਼ੀ
Next article‘ਆਪ’ ਦਾ ‘ਸਿਪਾਹੀ’ ਕੈਪਟਨ ਦੀ ਪਲਟਣ ਵਿੱਚ ਸ਼ਾਮਲ