ਪੁਣੇ- ‘‘ਔਰਤਾਂ ਵਿਰੁੱਧ ਹੋ ਰਹੇ ਅਪਰਾਧ ਘਟਾਉਣ ਲਈ ਸਿਰਫ਼ ਨਵੇਂ ਕਾਨੂੰਨ ਬਣਾਉਣਾ ਹੀ ਕੋਈ ਹੱਲ ਨਹੀਂ ਹੈ। ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ‘ਸਿਆਸੀ ਇੱਛਾ ਸ਼ਕਤੀ’ ਅਤੇ ‘ਪ੍ਰਬੰਧਕੀ ਮੁਹਾਰਤ’ ਵੀ ਜ਼ਰੂਰੀ ਹੈ।’’ ਇਹ ਪ੍ਰਗਟਾਵਾ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਇੱਥੇ ਇੱਕ ਯੂਨੀਵਰਸਟੀ ’ਚ ਕਾਨਵੋਕੇਸ਼ਨ ਸਮਾਗਮ ਦੌਰਾਨ ਕੀਤਾ। ਸ੍ਰੀ ਨਾਇਡੂ ਨੇ ਉਨਾਓ ਅਤੇ ਹੈਦਰਾਬਾਦ ਜਬਰ-ਜਨਾਹ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ, ‘‘ਭਾਰਤੀ ਸੱਭਿਆਚਾਰ ਵਿੱਚ ਅਸੀਂ ਔਰਤ ਨੂੰ ਇੱਕ ਮਾਂ ਅਤੇ ਇੱਕ ਭੈਣ ਦਾ ਦਰਜਾ ਦੇ ਕੇ ਸਤਿਕਾਰਦੇ ਹਾਂ। ਪਰ ਇਨ੍ਹੀਂ ਦਿਨੀਂ ਵਾਪਰੀਆਂ ਤਾਜ਼ੀਆਂ ਘਟਨਾਵਾਂ ਬਹੁਤ ਸ਼ਰਮਨਾਕ ਅਤੇ ਚੁਣੌਤੀਪੂਰਨ ਹਨ। ਭੇਦਭਾਵ ਦੀਆਂ ਇਹ ਘਟਨਾਵਾਂ ਰੋਕਣ ਲਈ ਸਾਨੂੰ ਸਹੁੰ ਚੁੱਕਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਅਸੀਂ ‘ਨਿਰਭਯਾ ਬਿੱਲ’ ਬਣਾਇਆ ਸੀ ਪਰ ਕੀ ਇਸ ਨਾਲ ਮਸਲਾ ਹੱਲ ਹੋਇਆ? ਸ੍ਰੀ ਨਾਇਡੂ ਨੇ ਕਿਹਾ, ‘‘ ਮੈਂ ਕਿਸੇ ਬਿੱਲ ਜਾਂ ਕਾਨੂੰਨ ਦੇ ਖ਼ਿਲਾਫ਼ ਨਹੀਂ ਹਾਂ ਪਰ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਔਰਤਾਂ ਦੇ ਸ਼ੋਸ਼ਣ ਜਿਹੀਆਂ ਸਮਾਜਿਕ ਬੁਰਾਈਆਂ ਖ਼ਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਅਤੇ ਪ੍ਰਬੰਧਕੀ ਮੁਹਾਰਤ ਹੋਣੀ ਜ਼ਰੂਰੀ ਹੈ।’’
INDIA ਔਰਤਾਂ ਦਾ ਸ਼ੋਸ਼ਣ ਰੋਕਣ ਲਈ ਸਿਰਫ਼ ਕਾਨੂੰਨ ਬਣਾਉਣਾ ਹੱਲ ਨਹੀਂ: ਵੈਂਕਈਆ ਨਾਇਡੂ