21ਵਾਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਅੱਜ ਇਥੇ ਪੀਏਪੀ ਐਸਟੋਟਰਫ ਖੇਡ ਮੈਦਾਨ ਵਿੱਚ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਸਪੈਸ਼ਲ ਡੀਜੀਪੀ ਆਰਮਡ ਬਟਾਲੀਅਨ, ਜਲੰਧਰ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਕੀਤਾ ਜਦੋਂਕਿ ਐੱਮਐੱਫ ਫਾਰੂਕੀ ਅਤੇ ਜਸਕਰਨ ਸਿੰਘ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਸ਼ਾਮਲ ਹੋਏ।
ਇਸ ਦੌਰਾਨ ਸਾਹਿਬ ਸਿੰਘ ਹੁੰਦਲ ਕੈਨੇਡਾ ਦੀ ਪ੍ਰਧਾਨਗੀ ਹੇਠ ਉਦਘਾਟਨੀ ਮੈਚ ਕਪੂਰਥਲਾ ਅਕੈਡਮੀ ਤੇ ਜਰਖੜ ਅਕੈਡਮੀ ਵਿਚਾਲੇ ਖੇਡਿਆ ਗਿਆ, ਜਿਸ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਪੂਰਥਲਾ ਅਕੈਡਮੀ ਨੇ 6-1 ਨਾਲ ਮੈਚ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ। ਟੂਰਨਾਮੈਂਟ ਡਾਇਰੈਕਟਰ ਓਲੰਪੀਅਨ ਸੰਜੀਵ ਕੁਮਾਰ ਡਾਂਗ ਤੇ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਪਹਿਲੇ ਦਿਨ ਹੋਏ ਮੈਚਾਂ ਵਿੱਚ ਛੇਹਰਟਾ ਅਕੈਡਮੀ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਨੂੰ 4-1 ਨਾਲ, ਐੱਨਸੀਸੀ ਅਕੈਡਮੀ ਨੇ ਮਹਿੰਦਰ ਸਿੰਘ ਮੁਨਸ਼ੀ ਅਕੈਡਮੀ ਨੂੰ 4-2 ਨਾਲ, ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੇ ਰਾਜਾ ਕਰਮ ਸਿੰਘ ਅਕੈਡਮੀ ਕਰਨਾਲ ਨੂੰ 5-1 ਨਾਲ ਹਰਾ ਕੇ ਅਗਲੇ ਗੇੜ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਗਰਚਾ ਤੇ ਮੀਤ ਪ੍ਰਧਾਨ ਕੌਮਾਂਤਰੀ ਹਾਕੀ ਖਿਡਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਅੱਜ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿੱਚ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਸਰਵਨਜੀਤ ਸਿੰਘ, ਅਰਜੁਨ ਐਵਾਰਡੀ ਬਹਾਦਰ ਸਿੰਘ, ਓਲੰਪੀਅਨ ਰਮਨਦੀਪ ਸਿੰਘ, ਓਲੰਪੀਅਨ ਆਕਾਸ਼ਦੀਪ ਸਿੰਘ, ਗੁਰਵਿੰਦਰ ਸਿੰਘ ਚੰਦੀ, ਪ੍ਰਿੰਸੀਪਲ ਭਜਨ ਸਿੰਘ ਮੰਡੇਰ, ਜੁਗਿੰਦਰ ਸਿੰਘ ਸੰਘਾ, ਕ੍ਰਿਪਾਲ ਸਿੰਘ ਮਠਾੜੂ ਅਤੇ ਹੋਰ ਵੱਡੀ ਗਿਣਤੀ ਖੇਡ ਪ੍ਰੇਮੀ ਹਾਜ਼ਰ ਸਨ।
Sports ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼