ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਪੇਸ਼ੇਵਰ ਸਫਰ ਹਾਲੇ ਤਕ ਸ਼ਾਨਦਾਰ ਰਿਹਾ ਹੈ ਅਤੇ ਡੇਢ ਵਰ੍ਹਿਆਂ ਬਾਅਦ ਰਿੰਗ ਵਿੱਚ ਉਤਰ ਕੇ ਲਗਾਤਾਰ 11ਵੀਂ ਪੇਸ਼ਵਰ ਜਿੱਤ ਤੋਂ ਉਹ ਕੁਝ ਰਾਹਤ ਮਹਿਸੂਸ ਕਰ ਰਿਹਾ ਹੈ। ਪੇਸ਼ੇਵਰ ਸਰਕਿਟ ਵਿੱਚ ਇੰਨੀ ਸਫਲਤਾ ਤੋਂ ਬਾਅਦ ਓਲੰਪਿਕ ਖੇਡਣ ਸਬੰਧੀ ਹਾਲੇ ਵੀ ਉਸ ਨੇ ਆਪਣਾ ਮਨ ਨਹੀਂ ਬਦਲਿਆ। ਇਸ ਮਿਡਲਵੇਟ ਮੁੱਕੇਬਾਜ਼ ਦਾ ਕਹਿਣਾ ਹੈ, ‘‘ ਜੇ ਦੁਬਾਰਾ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ ਤਾਂ ਜ਼ਰੂਰ ਜਾਵਾਂਗਾ।’’ ਨੇਵਾਰਕ ਵਿੱਚ ਅਮਰੀਕੀ ਪੇਸ਼ੇਵਰ ਸਰਕਿਟ ਦਾ ਉਦਘਾਟਨ ਕਰਦਿਆਂ ਉਸ ਨੇ ਆਪਣੇ ਤੋਂ ਕਿਤੇ ਵਧ ਤਜਰਬੇਕਾਰ ਮਾਈਕ ਸਨਾਈਡਰ ਨੂੰ ਤਕਨੀਕੀ ਨਾਕਆਊਟ ਵਿੱਚ ਸ਼ਿਕਸਤ ਦਿੱਤੀ। ਇਹ ਉਸ ਦੀ ਅੱਠਵੀਂ ਨਾਕਆਊਟ ਜਿੱਤ ਸੀ। ’’ ‘ਹਾਲ ਆਫ ਫੇਮ’ ਬਾਬ ਅਰੂਮ ਦੇ ਟਾਮ ਰੈਂਕ ਪ੍ਰਮੋਸ਼ਨਜ਼ ਨਾਲ ਸਮਝੌਤਾ ਕਰ ਚੁੱਕੇ ਵਿਜੇਂਦਰ ਨੇ ਕਿਹਾ ਕਿ ਫਿਲਹਾਲ ਉਹ ਅਗਲੇ ਦੋ ਮੁਕਾਬਲਿਆਂ ’ਤੇ ਧਿਆਨ ਲਗਾ ਰਿਹਾ ਹੈ। ਓਲੰਪਿਕ ਵਿੱਚ ਮੁੜ ਦੇਸ਼ ਦੀ ਅਗਵਾਈ ਕਰਨ ਦੇ ਸਬੰਧ ਵਿੱਚ ਵਿਜੇਂਦਰ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ਦੇਖੋ ਹਾਲੇ ਮੇਰੇ ਪ੍ਰਾਯੋਜਕ ਟੌਪ ਰੈਂਕ ਦੇ ਨਾਲ ਹਾਲੇ ਦੋ ਮੁਕਾਬਲੇ ਬਚੇ ਹਨ ਅਤੇ ਹਾਲੇ ਮੇਰਾ ਧਿਆਨ ਉਨ੍ਹਾਂ ’ਤੇ ਹੀ ਲੱਗਿਆ ਹੋਇਆ ਹੈ। ਉਹ ਪਲੈਟੀਨਮ ਹੈਵੀ ਡਿਊਟੀ ਸੀਮੇਂਟ ਦਾ ਬਰਾਂਡ ਅੰਬੈਸਡਰ ਹੈ। ਇਸ ਪ੍ਰੋਗਰਾਮ ਦੌਰਾਨ ਉਸ ਦਾ ਸਨਮਾਨ ਕੀਤਾ ਗਿਆ। ਉਸ ਨੇ ਕਿਹਾ ਕਿ ਟੌਪ ਰੈਂਕ ਅਤੇ ਆਈਓਐਸ ਨੇ ਉਸ ਦੇ ਲਈ ਖਾਕਾ ਤਿਆਰ ਕੀਤਾ ਹੈ। ਹਾਲੇ ਅੱਗੇ ਆਉਣ ਵਾਲੀ ਫਾਈਟ ਮੁਸ਼ਕਲ ਹੁੰਦੀ ਜਾਵੇਗੀ, ਜਿਸ ਵਿੱਚ ਕੌਮਾਂਤਰੀ ਅਤੇ ਇੰਟਰਕਾਂਟੀਨੈਂਟਲ ਖ਼ਿਤਾਬ ਦਾਅ ’ਤੇ ਲੱਗੇ ਹੋਣਗੇ। ਦੱਸਣਯੋਗ ਹੈ ਕਿ ਪਾਕਿਸਤਾਨੀ ਮੁੱਕੇਬਾਜ਼ ਆਮਿਰ ਖਾਨ ਨੇ ਟਵਿੱਟਰ ’ਤੇ ਉਸ ਨੂੰ ਚੁਣੌਤੀ ਦਿੱਤੀ ਹੈ। ਇਸ ਸਬੰਧੀ ਪੁੱਛੇ ਜਾਣ ’ਤੇ ਵਿਜੇਂਦਰ ਨੇ ਕਿਹਾ, ‘‘ਮੈਂ ਬਿਲਕੁਲ ਤਿਆਰ ਹਾਂ। ਬੱਚਿਆਂ ਨਾਲ ਖੇਡਣਾ ਬੰਦ ਕਰੋ। ਉਨ੍ਹਾਂ ਨਾਲ ਗੱਲ ਕਰੋ। ’’
Sports ਓਲੰਪਿਕ ਲਈ ਮੌਕਾ ਮਿਲਿਆ ਤਾਂ ਜ਼ਰੂਰ ਜਾਵਾਂਗਾ: ਵਿਜੇਂਦਰ