ਸਟਰਾਈਕਰ ਮਨਦੀਪ ਸਿੰਘ ਦੀ ਜ਼ਬਰਦਸਤ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਹਾਕੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 6-3 ਗੋਲਾਂ ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਫਾਈਨਲ ਵਿੱਚ ਬੁੱਧਵਾਰ ਨੂੰ ਭਾਰਤੀ ਟੀਮ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੂੰ ਲੀਗ ਮੈਚ ਵਿੱਚ ਕਿਵੀ ਟੀਮ ਤੋਂ ਹੀ 2-1 ਨਾਲ ਹਾਰ ਝੱਲਣੀ ਪਈ ਸੀ। ਮਨਦੀਪ ਨੇ ਨੌਵੇਂ, 29ਵੇਂ ਅਤੇ 30ਵੇਂ ਮਿੰਟ ਵਿੱਚ ਗੋਲ ਦਾਗ਼ੇ, ਜਦਕਿ ਨੀਲਕਾਂਤਾ ਸ਼ਰਮਾ ਨੇ ਤੀਜੇ, ਨੀਲਮ ਸੰਜੀਪ ਜ਼ੈੱਸ ਨੇ ਸੱਤਵੇਂ ਅਤੇ ਗੁਰਜੰਟ ਸਿੰਘ ਨੇ 41ਵੇਂ ਮਿੰਟ ਵਿੱਚ ਗੋਲ ਕੀਤੇ। ਜਾਪਾਨ ਲਈ ਕੇਂਤਾਰੋ ਫੁਕੁਡਾ (25ਵੇਂ ਮਿੰਟ), ਕੇਂਤਾ ਤਨਾਕਾ (36ਵੇਂ) ਅਤੇ ਕਜ਼ੁਮਾ ਮੁਰਾਤਾ (52ਵੇਂ) ਨੇ ਗੋਲ ਦਾਗ਼ੇ। ਨੀਲਕਾਂਤਾ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਂਦਿਆਂ ਤੀਜੇ ਹੀ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਸ਼ੁਰੂਆਤੀ ਲੀਡ ਬਣਾਉਣ ਮਗਰੋਂ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਜਾਪਾਨੀ ਡਿਫੈਂਸ ’ਤੇ ਦਬਾਅ ਬਣਾਈ ਰੱਖਿਆ। ਗੁਰਜੰਟ ਸਿੰਘ ਨੇ ਇਸ ਦੌਰਾਨ ਜ਼ਬਰਦਸਤ ਸ਼ਾਟ ਮਾਰਿਆ, ਪਰ ਉਹ ਪੋਸਟ ਤੋਂ ਬਾਹਰ ਚਲਾ ਗਿਆ। ਭਾਰਤ ਨੂੰ ਸੱਤਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਨੀਲਮ ਨੇ ਲੀਡ ਦੁੱਗਣੀ ਕਰ ਦਿੱਤੀ। ਭਾਰਤ ਨੇ ਲਗਾਤਾਰ ਹਮਲਾਵਰ ਖੇਡ ਜਾਰੀ ਰੱਖੀ ਅਤੇ ਨੌਵੇਂ ਮਿੰਟ ਵਿੱਚ ਮਨਦੀਪ ਨੇ ਟੀਮ ਵੱਲੋਂ ਤੀਜਾ ਜ਼ਬਰਦਸਤ ਗੋਲ ਦਾਗ਼ਿਆ। ਮੇਜ਼ਬਾਨ ਟੀਮ ਨੇ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟਾਂ ਵਿੱਚ ਜਵਾਬੀ ਹਮਲੇ ਕਰਦਿਆਂ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਉਹ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਭਾਰਤ ਨੇ ਦੂਜੇ ਕੁਆਰਟਰ ਵਿੱਚ ਵੀ ਹਮਲੇ ਜਾਰੀ ਰੱਖੇ। ਜਰਮਨਪ੍ਰੀਤ ਸਿੰਘ ਨੇ ਗੋਲ ਲਈ ਸ਼ਾਟ ਮਾਰਿਆ, ਪਰ ਉਹ ਪੋਸਟ ਤੋਂ ਬਾਹਰ ਚਲਾ ਗਿਆ। ਇਸ ਮਗਰੋਂ ਕਪਤਾਨ ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਸ਼ਾਟ ਦਾ ਜਾਪਾਨੀ ਗੋਲਕੀਪਰ ਤਕਾਸ਼ੀ ਯੋਸ਼ੀਕਾਵਾ ਨੇ ਜ਼ਬਰਦਸਤ ਬਚਾਅ ਕੀਤਾ। ਜਾਪਾਨ ਨੂੰ ਪਹਿਲੀ ਸਫਲਤਾ ਕੇਤਾਰਾ ਫੁਕੁਡਾ ਦੇ 25ਵੇਂ ਮਿੰਟ ਵਿੱਚ ਦਾਗ਼ੇ ਗੋਲ ਕਾਰਨ ਮਿਲੀ। ਇਸ ਮਗਰੋਂ ਮਨਦੀਪ ਨੇ ਲਗਾਤਾਰ ਦੋ ਗੋਲ ਕਰਕੇ ਭਾਰਤ ਦੀ ਲੀਡ 5-1 ਕਰ ਦਿੱਤੀ। ਭਾਰਤੀ ਉਪ ਕਪਤਾਨ ਨੇ ਦੂਜੇ ਕੁਆਰਟਰ ਦੇ ਖ਼ਤਮ ਹੋਣ ਤੋਂ ਪਹਿਲਾਂ 29ਵੇਂ ਅਤੇ 30ਵੇਂ ਮਿੰਟ ਵਿੱਚ ਇਹ ਗੋਲ ਕੀਤੇ। ਜਾਪਾਨ ਨੇ ਤੀਜੇ ਕੁਆਰਟਰ ਦੀ ਹਮਲਾਵਰ ਸ਼ੁਰੂਆਤ ਕੀਤੀ। ਉਸ ਦੇ ਹਮਲਿਆਂ ਦਾ ਅੱਗਿਉਂ ਮੁਸਤੈਦ ਖੜੇ ਗੋਲਕੀਪਰ ਕ੍ਰਿਸ਼ਨ ਪਾਠਕ ਨੇ ਜ਼ਬਰਦਸਤ ਬਚਾਅ ਕੀਤਾ। ਹਾਲਾਂਕਿ ਤਨਾਕਾ ਨੇ ਭਾਰਤੀ ਡਿਫੈਂਸ ਵਿੱਚ ਸੰਨ੍ਹ ਲਾਉਂਦਿਆਂ 36ਵੇਂ ਮਿੰਟ ਵਿੱਚ ਮੈਦਾਨੀ ਗੋਲ ਦਾਗ਼ ਦਿੱਤਾ। ਭਾਰਤ ਲਈ ਗੁਰਜੰਟ ਨੇ 41ਵੇਂ ਮਿੰਟ ਵਿੱਚ ਛੇਵਾਂ ਗੋਲ ਕਰਕੇ ਲੀਡ 6-2 ਕਰ ਦਿੱਤੀ। ਚੌਥੇ ਕੁਆਰਟਰ ਵਿੱਚ ਭਾਰਤੀ ਡਿਫੈਂਸ ’ਤੇ ਹਮਲਾ ਬੋਲਦਿਆਂ ਕਜ਼ੁਮਾ ਮਰਾਤਾ ਨੇ 52ਵੇਂ ਮਿੰਟ ਵਿੱਚ ਜਾਪਾਨ ਲਈ ਤੀਜਾ ਗੋਲ ਕੀਤਾ। ਭਾਰਤ ਨੂੰ ਆਖ਼ਰੀ ਹੂਟਰ ਵੱਜਣ ਤੋਂ ਪੰਜ ਮਿੰਟ ਪਹਿਲਾਂ ਪੈਨਲਟੀ ਕਾਰਨਰ ਮਿਲਿਆ ਸੀ, ਪਰ ਉਹ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਭਾਰਤ ਨੇ ਅਖ਼ੀਰ ਵਿੱਚ ਇੱਕ ਪੈਨਲਟੀ ਕਾਰਨਰ ਦਾ ਬਚਾਅ ਵੀ ਕੀਤਾ।
Sports ਓਲੰਪਿਕ ਟੈਸਟ: ਮਨਦੀਪ ਦੀ ਹੈਟ੍ਰਿਕ ਨਾਲ ਭਾਰਤ ਫਾਈਨਲ ’ਚ