ਓਬਾਮਾ ਦੇ ਥਾਪੜੇ ਮਗਰੋਂ ਆਫ਼ਤਾਬ ਪੁਰੇਵਾਲ ਨੇ ਚੋਣ ਮੁਹਿੰਮ ਭਖਾਈ

ਵਾਸ਼ਿੰਗਟਨ: ਅਮਰੀਕਾ ਦੇ ਨੁਮਾਇੰਦਾ ਸਦਨ ਵਿੱਚ ਆਪਣੇ ਪਲੇਠੇ ਦਾਖਲੇ ਲਈ ਪੱਬਾਂ ਭਾਰ ਭਾਰਤੀ-ਤਿੱਬਤੀ ਮੂਲ ਦੇ ਅਮਰੀਕੀ ਆਫ਼ਤਾਬ ਕਰਮਾ ਸਿੰਘ ਪੁਰੇਵਾਲ ਨੇ, ਸਾਬਕਾ ਅਮਰੀਕੀ ਸਦਰ ਬਰਾਕ ਓਬਾਮਾ ਦੀ ਹਮਾਇਤ ਮਿਲਣ ਮਗਰੋਂ ਕੌਮੀ ਪੱਧਰ ’ਤੇ ਪਛਾਣ ਬਣਾਈ ਹੈ। ਮੱਧਕਾਲੀ ਚੋਣਾਂ ਦੌਰਾਨ ਡੈਮੋਕਰੈਟਾਂ ਲਈ ਸਟਾਰ ਪ੍ਰਚਾਰਕ ਬਣਿਆ ਪੁਰੇਵਾਲ ਉਨ੍ਹਾਂ ਕੁਝ ਉਮੀਦਵਾਰਾਂ ’ਚ ਸ਼ੁਮਾਰ ਹੈ, ਜਿਨ੍ਹਾਂ ਦੀ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਪਿੱਠ ਥਾਪੜੀ ਹੈ। ਸੱਤਾਧਾਰੀ ਰਿਪਬਲਿਕਨਾਂ ਤੇ ਡੈਮੋਕਰੈਟਾਂ, ਦੋਵਾਂ ਧਿਰਾਂ ਵੱਲੋਂ ਓਹਾਈਓ ਜ਼ਿਲ੍ਹੇ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸੀਟ ਤੋਂ ਡੈਮੋਕਰੈਟ ਪੁਰੇਵਾਲ (35) ਆਪਣੇ ਰਿਪਬਲਿਕਨ ਵਿਰੋਧੀ ਸਟੀਵ ਚਾਬੋਟ (65) ਨੂੰ ਤਕੜੀ ਟੱਕਰ ਦੇ ਰਿਹਾ ਹੈ। ਚਾਬੋਟ 1995 ਤੋਂ (2009-2010 ’ਚ ਸੰਖੇਪ ਜਿਹੇ ਅਰਸੇ ਨੂੰ ਛੱਡ ਕੇ) ਇਸ ਸੀਟ ਦੀ ਨੁਮਾਇੰਦਗੀ ਕਰ ਰਿਹਾ ਹੈ। ਨਿਊ ਯਾਰਕ ਟਾਈਮਜ਼ ਨੇ ਆਪਣੇ ਹਾਲੀਆ ਚੋਣ ਸਰਵੇਖਣ ’ਚ ਪੁਰੇਵਾਲ ਨੂੰ ਆਪਣੇ ਵਿਰੋਧੀ ਉਮੀਦਵਾਰ ਤੋਂ 9 ਫੀਸਦੀ ਅੰਕਾਂ ਤੋਂ ਪਿੱਛੇ ਦੱਸਿਆ ਹੈ। ਪੁਰੇਵਾਲ ਦੱਖਣਪੱਛਮੀ ਓਹਾਈਓ ਦਾ ਜੰਮਪਲ ਹੈ ਤੇ ਲਾਅ ਫਰਮ ਲਈ ਕੰਮ ਕਰ ਚੁੱਕਾ ਹੈ। ਤਿੱਬਤੀ ਮੂਲ ਦੇ ਪੁਰੇਵਾਲ, ਜੋ ਕਿ ਅਦਾਲਤਾਂ ਵਿੱਚ ਹੈਮਿਲਟਨ ਕਾਊਂਟੀ ਕਲਰਕ ਹੈ, ਓਹਾਈਓ ਜ਼ਿਲ੍ਹੇ ਵਿੱਚ ਚੋਣ ਰੈਲੀ ਦੌਰਾਨ ਸੈਂਕੜੇ ਹਮਾਇਤੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਇਹ ਚੋਣ ਸਾਡੇ ਮੁਲਕ ਦਾ ਭਵਿੱਖ ਨਿਰਧਾਰਿਤ ਕਰਨਗੀਆਂ।’ ਉਧਰ ਸਿਆਸੀ ਪੰਡਿਤਾਂ ਨੇ ਕਿਹਾ ਕਿ ਪੁਰੇਵਾਲ, ਜੋ ਆਪਣੀ ਚੋਣ ਮੁਹਿੰਮ ਨੂੰ ਹਮਲਾਵਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾ ਰਿਹਾ ਹੈ, ਨੇ ਇਸ ਮੁਕਾਬਲੇ ਨੂੰ ਕਾਫ਼ੀ ਆਕਰਸ਼ਕ ਤੇ ਰੋਮਾਂਚਕ ਬਣਾ ਦਿੱਤਾ ਹੈ।

Previous articleਅਮਰੀਕਾ ਵਿੱਚ ਮੱਧਕਾਲੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ
Next articleਚੰਡੀਗੜ੍ਹ ਨਗਰ ਨਿਗਮ ਮੰਦਹਾਲੀ ’ਚੋਂ ਬਾਹਰ ਨਿਕਲਿਆ: ਮੇਅਰ