ਅਮਰੀਕਾ ਵਿੱਚ ਮੱਧਕਾਲੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ

ਅਮਰੀਕਾ ਵਿੱਚ ਮੱਧਕਾਲੀ ਚੋਣਾਂ ਲਈ ਵੋਟਾਂ ਦਾ ਅਮਲ ਅੱਜ ਸ਼ੁਰੂ ਹੋ ਗਿਆ। ਇਨ੍ਹਾਂ ਚੋਣਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਵਿਵਾਦਿਤ ਨੀਤੀਆਂ ਬਾਰੇ ਜਨਮੱਤ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਚੋਣਾਂ ਦੇ ਨਤੀਜੇ ਟਰੰਪ ਦੇ ਰਾਸ਼ਟਰਪਤੀ ਵਜੋਂ ਅਗਲੇ ਦੋ ਸਾਲਾਂ ਦਾ ਨਿਬੇੜਾ ਕਰਨਗੇ। ਇਸ ਦੌਰਾਨ ਫੇਸਬੁੱਕ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਗੈਰਕਾਨੂੰਨੀ ਦਖ਼ਲ ਦੇ ਸ਼ੱਕ ਵਿੱਚ 115 ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 30 ਖਾਤੇ ਫੇਸਬੁੱਕ ਅਤੇ 85 ਇੰਸਟਾਗ੍ਰਾਮ ਨਾਲ ਸਬੰਧਤ ਹਨ। ਉਧਰ ਅਜਿਹੀਆਂ ਰਿਪੋਰਟਾਂ ਹਨ ਕਿ ਰੂਸ ਵੱਲੋਂ ਅਮਰੀਕੀ ਚੋਣਾਂ ਨੂੰ ਅਸਰਅੰਦਾਜ਼ ਕਰਨ ਲਈ ਨਵੀਆਂ ਤਰਕੀਬਾਂ ਲਾਈਆਂ ਜਾ ਰਹੀਆਂ ਹਨ। ਰੂਸ ਨੇ ਹਾਲਾਂਕਿ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ।
ਅਮਰੀਕੀ ਸਦਰ ਵੱਲੋਂ ਨੁਮਾਇੰਦਾ ਸਦਨ ਵਿੱਚ ਬਹੁਮਤ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਦਰਮਿਆਨ ਮੁਕਾਮੀ ਸਮੇਂ ਮੁਤਾਬਕ ਸਵੇਰੇ ਛੇ ਵਜੇ ਅਮਰੀਕਾ ਦੇ ਪੂਰਬੀ ਰਾਜਾਂ ਮੈਨੀ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊ ਯਾਰਕ ਤੇ ਵਰਜੀਨੀਆ ਵਿੱਚ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ। ਮੱਧਕਾਲੀ ਚੋਣਾਂ ਦੌਰਾਨ ਅਮਰੀਕੀਆਂ ਵੱਲੋਂ ਨੁਮਾਇੰਦਾ ਸਦਨ ਦੇ 435 ਮੈਂਬਰਾਂ, 35 ਸੈਨੇਟ ਸੀਟਾਂ, 36 ਗਵਰਨਰਾਂ ਅਤੇ ਸੂਬਾਈ ਵਿਧਾਨ ਸਭਾ ਦੀਆਂ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਹਾਲ ਦੀ ਘੜੀ ਰਿਪਬਲਿਕਨ ਪਾਰਟੀ ਨੂੰ ਸੈਨੇਟ ਤੇ ਨੁਮਾਇੰੰਦਾ ਸਦਨ ਦੋਵਾਂ ’ਚ ਬਹੁਮੱਤ ਹਾਸਲ ਹੈ ਤੇ ਹਵਾ ਨੂੰ ਰਿਪਬਲਿਕਨ ਪਾਰਟੀ ਦੇ ਹੱਕ ਵਿੱਚ ਝੁਲਾਉਣ ਲਈ ਟਰੰਪ ਤੇ ਉਹਦੀ ਟੀਮ ਵੱਲੋਂ ਪ੍ਰਚਾਰ ਦੌਰਾਨ ਕੋਈ ਕਸਰ ਨਹੀਂ ਛੱਡੀ ਜਾ ਰਹੀ।

Previous articleਮੁੱਖ ਮੰਤਰੀ ਤੇ ਸਪੀਕਰ ਵੱਲੋਂ ਦੀਵਾਲੀ ਦੀ ਵਧਾਈ
Next articleਓਬਾਮਾ ਦੇ ਥਾਪੜੇ ਮਗਰੋਂ ਆਫ਼ਤਾਬ ਪੁਰੇਵਾਲ ਨੇ ਚੋਣ ਮੁਹਿੰਮ ਭਖਾਈ