ਓਏ ਬਾਵਿਆ….

(ਸਮਾਜ ਵਕਿਲੀ)

ਮੈਂ ਕੀ ਲਿਖਾਂ ਓਏ ਬਾਵੇ,
ਕਿ ਕੁੱਝ ਸਮਝ ਨਾ ਆਵੇ।
ਕੋਈ ਸੋਹਣੀ ਜਿਹੀ ਗੱਲ,
ਕਿਤੋਂ ਮੇਰੇ ਹੱਥੀਂ ਨਾ ਥਿਆਵੇ।
ਮੈਂ ਕੀ ਲਿਖਾਂ…
ਕਿਤੇ ਮਰਦੇ ਪਏ ਲੋਕ,
ਕਿਤੇ ਉੱਜੜਦੇ ਪਏ ਲੋਕ।
ਕੋਈ ਆਪਣਿਆਂ ਨੂੰ ਦੇਵੇ,
ਬਲ਼ਦੀ ਅੱਗ ਵਿੱਚ ਝੋਕ।
ਕਿੱਥੇ ਮਿਲਦੀਆਂ ਨੇ ਖ਼ੁਸ਼ੀਆਂ,
ਕੋਈ ਦੱਸ ਜਾਵੇ ਸਿਰਨਾਵੇਂ।
ਮੈਂ ਕੀ ਲਿਖਾਂ….
ਕੋਈ ਸੋਹਣਾ ਜਿਹਾ ਹੱਸੇ,
ਅੰਦਰੀਂ ਪੀੜ ਨਾ ਵੱਸੇ।
ਡੰਗ ਮਾਰ ਕੇ ਸੱਪ ਵਾਂਗਰਾ,
ਕੋਈ ਕਿਸੇ ਨੂੰ ਨਾ ਡੱਸੇ।
ਨਾ ਗਿਲਾ ਨਾ ਸ਼ਿਕਵਾ ਕੋਈ,
ਨਾ ਕੋਈ ਰੁੱਸੇ ਨਾ ਰੁਸਾਵੇ।
ਮੈਂ ਕੀ ਲਿਖਾਂ…..
ਕਿਸੇ ਦਾ ਕਤਲ ਕਿਤੇ ਹੋਵੇ,
ਕੋਈ ਵਿੱਚ ਵਿਛੋੜੇ ਦੇ ਖੋਵੇ।
ਕਰਕੇ ਯਾਦ ਵਫਾਵਾਂ ਨੂੰ,
ਦਿਲ ਹੁੱਬਕੀ-ਹੁੱਬਕੀ ਰੋਵੇ।
ਇਹ ਜੱਗ ਮਿੱਠੜਾ ਕਹਿੰਦੇ,
ਬਹੁਤਿਆਂ ਲਈ ਕੌੜਾ ਭਾਵੇਂ।
ਮੈਂ ਕੀ ਲਿਖਾਂ….
ਕਿਤੇ ਸੱਧਰਾਂ ਨੇ ਰੁਲੀਆਂ,
ਕਿਸੇ ਦੀਆਂ ਬੰਦ ਨੇ ਬੁੱਲ੍ਹੀਆਂ।
ਕਿਤੇ ਭੁੱਖੇ ਮਰਦੇ ਨੇ ਬੱਚੇ ਤੇ,
ਕਿਤੇ ਖੀਰਾਂ ਨੇ ਡੁੱਲ੍ਹੀਆਂ।
ਚਲੋ ਰਲ਼ ਕੇ ਚੱਲੀਏ ‘ਮਨਜੀਤ’,
ਖੌਰੇ ਸੱਭ ਸੰਵਰ ਹੀ ਜਾਵੇ।
ਮੈਂ ਕੀ ਲਿਖਾਂ ਓਏ ਬਾਵੇ,
ਕਿ ਕੁੱਝ ਸਮਝ ਨਾ ਆਵੇ।

ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁੱਖਾਂ ਦੀ ਮਾਂ…..
Next articleਰਾਵਣ