ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ’ਚ 60 ਸੰਸਦ ਮੈਂਬਰਾਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੌਅ ਬਾਇਡਨ ਨੂੰ ਵੀਜ਼ੇ ਨਾਲ ਸਬੰਧਤ ਡੋਨਲਡ ਟਰੰਪ ਪ੍ਰਸ਼ਾਸਨ ਦੀ ਇਕ ਨੀਤੀ ਨੂੰ ਬਦਲਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਐੱਚ-4 ਵੀਜ਼ਾ ਹਾਸਲ ਵਿਅਕਤੀਆਂ ਦੇ ਦਸਤਾਵੇਜ਼ਾਂ ਦੀ ਵੈਧਤਾ ਦੀ ਸਮਾਂ-ਸੀਮਾ ਵਧਾਉਣ ਦੀ ਬੇਨਤੀ ਕੀਤੀ ਹੈ। ਇਹ ਵੀਜ਼ਾ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਐੱਚ-4 ਵੀਜ਼ਾਧਾਰਕਾਂ ’ਚ ਜ਼ਿਆਦਾਤਰ ਵਧੇਰੇ ਹੁਨਰਮੰਦ ਭਾਰਤੀ ਮਹਿਲਾਵਾਂ ਸ਼ਾਮਲ ਹਨ।
ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਐੱਚ-4 ਵੀਜ਼ਾ, ਐੱਚ-1ਬੀ ਵੀਜ਼ਾਧਾਰਕਾਂ ਦੇ ਪਰਿਵਾਰਕ ਮੈਂਬਰਾਂ (ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ) ਲਈ ਜਾਰੀ ਕੀਤਾ ਜਾਂਦਾ ਹੈ। ਐੱਚ-1ਬੀ ਵੀਜ਼ਾਧਾਰਕਾਂ ’ਚ ਜ਼ਿਆਦਾਤਰ ਭਾਰਤੀ ਆਈਟੀ ਮਾਹਿਰ ਹਨ। ਅਮਰੀਕੀ ਪ੍ਰਤੀਨਿਧ ਸਭਾ ਦੇ ਮੈਂਬਰਾਂ ਨੇ 16 ਦਸੰਬਰ ਨੂੰ ਬਾਇਡਨ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਰਾਸ਼ਟਰਪਤੀ ਬਣਨ ਦੇ ਪਹਿਲੇ ਦਿਨ ਹੀ ਉਹ ਗ੍ਰਹਿ ਸੁਰੱਖਿਆ ਵਿਭਾਗ ਨੂੰ ਐੱਚ-4 ਵੀਜ਼ੇ ਦੀ ਖ਼ਤਮ ਹੋ ਰਹੀ ਵੈਧਤਾ ਨੂੰ ਲੈ ਕੇ ਸੰਘੀ ਰਜਿਸਟਰ ਨੋਟਿਸ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦੇਣ।
ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣਗੇ। ਚਿੱਠੀ ’ਚ ਕਿਹਾ ਗਿਆ ਹੈ ਕਿ ਗ੍ਰਹਿ ਸੁਰੱਖਿਆ ਵਿਭਾਗ ਨੇ 2015 ’ਚ ਇਕ ਨਿਯਮ ਜਾਰੀ ਕਰਕੇ ਐੱਚ-1ਬੀ ਵੀਜ਼ਾਧਾਰਕਾਂ ਦੇ ਆਸ਼ਰਿਤ ਜੀਵਨ ਸਾਥੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਟਰੰਪ ਦੇ ਸੱਤਾ ’ਚ ਆਉਣ ਤੋਂ ਬਾਅਦ ਇਹ ਨਿਯਮ ਵਾਪਸ ਲੈ ਲਿਆ ਗਿਆ ਸੀ।