ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਐਮਰਜੈਂਸੀ ਦੌਰਾਨ ਲੋਕਤੰਤਰ ਲਈ ਲੜਨ ਵਾਲਿਆਂ ਦੀ ਕੁਰਬਾਨੀ ਕਦੇ ਨਹੀਂ ਭੁਲਾਈ ਜਾ ਸਕਦੀ।
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 25 ਜੂਨ, 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਲਾਈ ਗਈ ਸੀ। ਮੋਦੀ ਨੇ ਹਿੰਦੀ ਵਿੱਚ ਟਵੀਟ ਕੀਤਾ, ‘‘ਦੇਸ਼ ਵਿੱਚ 45 ਵਰ੍ਹੇ ਪਹਿਲਾਂ ਐਮਰਜੈਂਸੀ ਲਾਈ ਗਈ ਸੀ। ਮੈਂ ਊਨ੍ਹਾਂ ਲੋਕਾਂ ਨੂੰ ਸਲਾਮ ਕਰਦਾ ਹਾਂ, ਜੋ ਊਦੋਂ ਦੇਸ਼ ਦਾ ਲੋਕਤੰਤਰ ਬਚਾਊਣ ਲਈ ਲੜੇ ਅਤੇ ਤਸੀਹੇ ਝੱਲੇ।’’ ਊਨ੍ਹਾਂ ਕਿਹਾ ਕਿ ਦੇਸ਼ ਊਨ੍ਹਾਂ ਦੀ ਕੁਰਬਾਨੀ ਕਦੇ ਨਹੀਂ ਭੁੱਲੇਗਾ। ਪ੍ਰਧਾਨ ਮੰਤਰੀ ਨੇ ਜੂਨ 2019 ਦੇ ਆਪਣੇ ‘ਮਨ ਕੀ ਬਾਤ’ ਰੇਡੀਓ ਸੰਬੋਧਨ ਦੀ ਕਲਿੱਪ ਵੀ ਸਾਂਝੀ ਕੀਤੀ, ਜਿਸ ਵਿੱਚ ਊਨ੍ਹਾਂ ਨੇ ਐਮਰਜੈਂਸੀ ਦਾ ਜ਼ਿਕਰ ਕੀਤਾ ਸੀ।
ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਐਮਰਜੈਂਸੀ ਦੀ 45ਵੀਂ ਵਰ੍ਹੇਗੰਢ ਮੌਕੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਇੱਕ ਪਰਿਵਾਰ’ ਦੇ ਹਿੱਤ ਪਾਰਟੀ ਅਤੇ ਕੌਮੀ ਹਿੱਤਾਂ ’ਤੇ ਭਾਰੂ ਰਹੇ। ਊਨ੍ਹਾਂ ਸਵਾਲ ਕੀਤਾ ਕਿ ਹਾਲੇ ਵੀ ਕਾਂਗਰਸ ਵਿੱਚ ‘ਐਮਰਜੈਂਸੀ ਵਾਲੀ ਮਾਨਸਿਕਤਾ’ ਹੈ। ‘ਅਸਲ ਦੁਖਾਂਤ’ ਇਹ ਸੀ ਕਿ ਆਗੂਆਂ ਦਾ ਕਾਂਗਰਸ ਵਿੱਚ ਦਮ ਘੁੱਟ ਰਿਹਾ ਸੀ।
ਊਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਦੇ ਯਤਨਾਂ ਸਦਕਾ ਭਾਰਤ ਵਿੱਚ ਲੋਕਤੰਤਰ ਬਹਾਲ ਹੋਇਆ ਪਰ ਕਾਂਗਰਸ ਵਿੱਚ ਇਹ ਹਾਲੇ ਵੀ ਗੈਰਹਾਜ਼ਰ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਦਾ ਵਤੀਰਾ ਹਾਲੇ ਵੀ ‘ਇੱਕ ਪਰਿਵਾਰ’ ਨੂੰ ਬਚਾਊਣ ਦਾ ਹੈ। ਊਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ 45 ਵਰ੍ਹੇ ਪਹਿਲਾਂ ਲੋਕਤੰਤਰ ਖ਼ਤਮ ਕਰਨ ਵਾਲੇ ਅੱਜ ਸਰਕਾਰ ਨੂੰ ਸਵਾਲ ਕਰ ਰਹੇ ਹਨ।
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ‘ਘੋਰ ਗੈਰ-ਲੋਕਤੰਤਰੀ’ ਵਿਹਾਰ ਬਾਰੇ ਹਮਲੇ ਕਰਦਿਆਂ ਕਿਹਾ ਕਿ ਇਹ ਅੱਜ ਵੀ ਜਾਰੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ‘ਸੱਤਾ ਦੀ ਭੁੱਖੀ’ ਕਾਂਗਰਸ ਸਰਕਾਰ ਨੇ 45 ਵਰ੍ਹੇ ਪਹਿਲਾਂ ਅੱਜ ਦੇ ਦਿਨ ਲੋਕਾਂ ਦੇ ਅਧਿਕਾਰਾਂ ’ਤੇ ਡਾਕਾ ਮਾਰਿਆ ਸੀ ਅਤੇ ਊਹੀ ਪਾਰਟੀ ਜਦੋਂ ਲੋਕਤੰਤਰ ਦੀ ਗੱਲ ਕਰਦੀ ਹੈ ਤਾਂ ਗੁੱਸਾ ਅਾਉਂਦਾ ਹੈ।