ਚੰਡੀਗੜ੍ਹ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਇੱਕ ਹੋਰ ਜ਼ਬਰਦਸਤ ਹਮਲਾ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾਉਣ ਕਿਉਂਕਿ ਉਹ ਰਾਜ ਦੇ ਹਿਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਅਤੁਲ ਨੰਦਾ ਦੀ ਰਾਜ ਦੇ ਐਡਵੋਕੇਟ ਜਨਰਲ (ਏਜੀ) ਵਜੋਂ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਕਾਰਨ ਹੋਈ ਹੈ। ਉਨ੍ਹਾਂ ਕਿਹਾ,‘ ਭਾਈ-ਭਤੀਜਵਾਦ ਰਾਜ ਦੇ ਹਿੱਤਾਂ ਦੇ ਖਿਲਾਫ਼ ਹੈ। ਅਤੁਲ ਨੰਦਾ ਦੀ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਇਸ ਦੀ ਸਪਸ਼ਟ ਉਦਾਹਰਣ ਹੈ। ਇਹ ਨਿਯੁਕਤੀ ਤੁਹਾਡੇ ਨਾਲ ਨੰਦਾ ਦੀ ਨੇੜਤਾ ਕਾਰਨ ਹੋਈ ਹੈ।’ ਉਨ੍ਹਾਂ ਕਿਹਾ ਕਿ ਨੰਦਾ ਦੀ ਅਗਵਾਈ ਵਿੱਚ ਵੱਖ ਵੱਖ ਕੇਸਾਂ ਜਿਨ੍ਹਾਂ ਵਿੱਚ ਐੱਨਡੀਪੀਐੱਸ, ਮਾਈਨਿੰਗ ਅਤੇ ਵਾਤਾਵਰਣ ਸੁਰੱਖਿਆ ਵਰਗੇ ਅਹਿਮ ਮੁੱਦੇ ਸ਼ਾਮਲ ਹਨ, ’ਚ ਅਦਾਲਤਾਂ ਵਿੱਚ ਮਿਲ ਰਹੀ ਵਾਰ ਵਾਰ ਅਸਫਲਤਾ ਤੋਂ ਪਤਾ ਲੱਗਦਾ ਹੈ ਕਿ ਉਹ ਰਾਜ ਦੇ ਹਿੱਤਾਂ ਦੀ ਸੁਰੱਖਿਆ ਕਰਨ ਦੇ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਮੁੱਖ ਮੰਤਰੀ ਨੰਦਾ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਤੇ ਕਿਸੇ ਢੁਕਵੇਂ ਵਿਅਕਤੀ ਦੀ ਇਸ ਅਹਿਮ ਅਹੁਦੇ ਉੱਤੇ ਨਿਯੁਕਤੀ ਕਰਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਤਰੀਆਂ ਨੇ 14 ਜਨਵਰੀ ਨੂੰ ਬਾਜਵਾ ਉੱਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਸੀ ਕਿ ਬਾਜਵਾ ਨੂੰ ਤੁਰੰਤ ਕਾਂਗਰਸ ਵਿੱਚੋਂ ਕੱਢਿਆ ਜਾਵੇ।
INDIA ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਕੈਪਟਨ ਅਹੁਦੇ ਤੋਂ ਲਾਂਭੇ ਕਰਨ: ਬਾਜਵਾ