ਅਜੇ ਸਿਆਸੀ ਪਾਰਟੀ ਬਣਾਉਣ ਦਾ ਕੋਈ ਇਰਾਦਾ ਨਹੀਂ: ਆਜ਼ਾਦ

ਨਵੀਂ ਦਿੱਲੀ- ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਅੱਜ ਕਿਹਾ ਕਿ ਉਹ ਕੋਈ ਸਿਆਸੀ ਪਾਰਟੀ ਬਣਾਉਣ ਬਾਰੇ ਫੈਸਲਾ ਅਜੇ ਬਾਅਦ ਵਿੱਚ ਲੈਣਗੇ ਕਿਉਂਕਿ ਹਾਲ ਦੀ ਘੜੀ ਉਨ੍ਹਾਂ ਦਾ ਸਾਰਾ ਧਿਆਨ ‘ਕਾਲੇ ਕਾਨੂੰਨ’ (ਸੀਏਏ) ਖਿਲਾਫ਼ ਲੜਾਈ ਲੜਨ ਵੱਲ ਹੈ। ਵੀਰਵਾਰ ਰਾਤ ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਆਜ਼ਾਦ ਅੱਜ ਇਥੇ ਇੰਡੀਅਨ ਵਿਮੈੱਨ ਪ੍ਰੈਸ ਕੋਰ’ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਆਜ਼ਾਦ ਨੇ ਕਿਹਾ ਕਿ ਭੀਮ ਆਰਮੀ ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ਼ ਲੜਾਈ ਜਾਰੀ ਰੱਖੇਗੀ।
ਉਨ੍ਹਾਂ ਕਿਹਾ, ‘ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਹੈ। ਕੋਈ ਕਿਤੇ ਨਹੀਂ ਜਾਏਗਾ, ਸਾਰੇ ਇਥੇ ਹੀ ਰਹਿਣਗੇ।’ ਆਜ਼ਾਦ ਨੇ ਕਿਹਾ, ‘ਅਦਾਲਤ ਨੇ ਮੇਰੀ ਆਜ਼ਾਦੀ ਖੋਹ ਲਈ ਹੈ। ਅਸੀਂ ਕਾਨੂੰਨੀ ਬਦਲਾਂ ’ਤੇ ਵਿਚਾਰ ਕਰ ਰਹੇ ਹਾਂ….ਆਸ ਕਰਦਾ ਹਾਂ ਕਿ ਅਦਾਲਤ ਮੈਨੂੰ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਦੇਵੇਗੀ।’ ਇਸ ਦੌਰਾਨ ਆਜ਼ਾਦ ਅੱਜ ਜਾਮਾ ਮਸਜਿਦ ਵੀ ਗਿਆ। ਉਹ ਇਥੇ ਚਾਲੀ ਮਿੰਟ ਦੇ ਕਰੀਬ ਰੁਕਿਆ। ਮੁਕਾਮੀ ਲੋਕਾਂ ਤੇ ਆਪਣੇ ਹਮਾਇਤੀਆਂ ’ਚ ਘਿਰੇ ਆਜ਼ਾਦ ਨੇ ਇਸ ਮੌਕੇ ਸਿਰ ’ਤੇ ਨੀਲੇ ਰੰਗ ਦਾ ‘ਸਾਫ਼ਾ’ ਬੰਨ੍ਹਿਆ ਹੋਇਆ ਸੀ। ਆਜ਼ਾਦ ਨੇ ਇਸ ਮੌਕੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵੀ ਪੜ੍ਹੀ ਤੇ ਨਾਗਰਿਕਤਾ ਸੋਧ ਐਕਟ ਨੂੰ ਖਾਰਜ ਕਰਨ ਦਾ ਸੱਦਾ ਦਿੱਤਾ। ਆਜ਼ਾਦ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਇਕਜੁੱਟ ਰੱਖਣ ਵਿੱਚ ਸੰਵਿਧਾਨ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਜਾਮਾ ਮਸਜਿਦ ਆਉਣ ਤੋਂ ਪਹਿਲਾਂ ਆਜ਼ਾਦ ਨੇ ਗੋਲ ਮਾਰਕੀਟ ਨਜ਼ਦੀਕ ਭਗਵਾਨ ਵਾਲਮੀਕ ਮੰਦਿਰ ਤੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵੀ ਮੱਥਾ ਟੇਕਿਆ। ਆਜ਼ਾਦ (34) ਨੂੰ ਵੀਰਵਾਰ ਰਾਤ ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਸੀ ਤੇ ਜੇਲ੍ਹ ਦੇ ਬਾਹਰ ਹਮਾਇਤੀਆਂ ਨੇ ਉਹਦਾ ਜ਼ੋਰਦਾਰ ਸਵਾਗਤ ਕੀਤਾ।

Previous articleਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਕੈਪਟਨ ਅਹੁਦੇ ਤੋਂ ਲਾਂਭੇ ਕਰਨ: ਬਾਜਵਾ
Next articleਦਵਿੰਦਰ ਸਿੰਘ ਨੂੰ ‘ਖਾਮੋਸ਼’ ਕਰਨ ਲਈ ਜਾਂਚ ਐੱਨਆਈਏ ਨੂੰ ਸੌਂਪੀ: ਰਾਹੁਲ