ਚੀਨ ਵੱਲੋਂ ਸਮੁੰਦਰੀ ਗਤੀਵਿਧੀਆਂ ਦੇ ਤੇਜ਼ੀ ਨਾਲ ਵਿਸਤਾਰ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਅੱਜ ਜਲ ਸੈਨਾ ਲਈ ਵੱਧ ਬਜਟ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁੱਲ ਰੱਖਿਆ ਬਜਟ ਵਿਚ ਜਲ ਸੈਨਾ ਦਾ ਹਿੱਸਾ 2012-13 ਤੋਂ 2018-19 ਤੱਕ 18 ਤੋਂ 13 ਫ਼ੀਸਦ ਰਹਿ ਗਿਆ ਹੈ। ਭਾਰਤੀ ਜਲ ਸੈਨਾ ਦੀ ਭਵਿੱਖੀ ਯੋਜਨਾ ਤਿੰਨ ਲੜਾਕੂ ਜਹਾਜ਼ਾਂ ਨਾਲ ਲੈਸ ਜੰਗੀ ਬੇੜੇ ਸਮੁੰਦਰ ’ਚ ਉਤਾਰਨ ਦੀ ਹੈ। ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਕਿ ਪਹਿਲਾ ਸਵਦੇਸ਼ੀ ਜੰਗੀ ਬੇੜਾ 2022 ਤੱਕ ਪੂਰੀ ਤਰ੍ਹਾਂ ਕੰਮ ਕਰਨਾ ਆਰੰਭ ਦੇਵੇਗਾ। ਐਡਮਿਰਲ ਸਾਲਾਨਾ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤੀ ਜਲ ਸੈਨਾ ਕੌਮੀ ਸੁਰੱਖਿਆ ਲਈ ਖੜ੍ਹੇ ਹੋਣ ਵਾਲੇ ਹਰ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ 2022 ਤੱਕ ਸ਼ਾਮਲ ਕੀਤੇ ਜਾਣ ਵਾਲੇ ਬੇੜੇ ’ਤੇ ਮਿੱਗ-29ਕੇ ਜਹਾਜ਼ ਤਾਇਨਾਤ ਕੀਤੇ ਜਾਣਗੇ। ਗੁਆਂਢੀਆਂ ਤੋਂ ਕਿਸੇ ਤਰ੍ਹਾਂ ਦੀ ਚੁਣੌਤੀ ਬਾਰੇ ਪੁੱਛੇ ਜਾਣ ’ਤੇ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਕਿ ਖਿੱਤੇ ਵਿਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਭਾਰਤ ’ਤੇ ਹਾਵੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਇਕੋ ਜਿਹੇ ਵਿਚਾਰਾਂ ਵਾਲੇ ਮੁਲਕਾਂ ਨਾਲ ਕੰਮ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸੱਤ-ਅੱਠ ਚੀਨੀ ਜਹਾਜ਼ ਹਿੰਦ ਮਹਾਸਾਗਰ ਵਿਚ ਮੌਜੂਦ ਰਹਿੰਦੇ ਹਨ। ਜਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ-ਪ੍ਰਸ਼ਾਂਤ ਖਿੱਤੇ ਵਿਚ ਮੁਲਕ ਸਥਿਰਤਾ ਕਾਇਮ ਰੱਖਣ ਵਾਲੀ ਧਿਰ ਦੀ ਭੂਮਿਕਾ ਨਿਭਾ ਰਿਹਾ ਹੈ। ਚੀਨ ਵੱਲੋਂ ਜਲ ਸੈਨਾ ਦਾ ਵੱਡੇ ਪੱਧਰ ’ਤੇ ਵਿਸਤਾਰ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ‘ਉਹ ਆਪਣੇ ਹਿਸਾਬ ਨਾਲ ਵੱਧ ਰਹੇ ਹਨ ਤੇ ਭਾਰਤ ਆਪਣੀ ਸਮਰੱਥਾ ਦੇ ਹਿਸਾਬ ਨਾਲ ਵਧ ਰਿਹਾ ਹੈ।’
HOME ਐਡਮਿਰਲ ਕਰਮਬੀਰ ਵੱਲੋਂ ਜਲ ਸੈਨਾ ਲਈ ਵੱਧ ਬਜਟ ਦੀ ਲੋੜ ’ਤੇ ਜ਼ੋਰ