ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਦ ਵਿੱਚ ‘ਝੂਠ’ ਬੋਲਿਆ ਸੀ ਕਿ ਸਰਕਾਰ ਨੇ ਹਿੰਦੁਸਤਾਨ ਐਰੋਨੌਟੀਕਲਜ਼ ਲਿਮਟਿਡ (ਐਚਏਐਲ) ਨੂੰ ਇਕ ਲੱਖ ਕਰੋੜ ਰੁਪਏ ਦਾ ਆਰਡਰ ਦਿੱਤਾ ਹੈ। ਰਾਹੁਲ ਨੇ ਮੰਗ ਕੀਤੀ ਕਿ ਰੱਖਿਆ ਮੰਤਰੀ ਆਪਣੇ ਇਸ ਬਿਆਨ ਦੀ ਪੁਸ਼ਟੀ ਲਈ ਦਸਤਾਵੇਜ਼ ਪੇਸ਼ ਕਰਨ ਜਾਂ ਫਿਰ ਅਸਤੀਫ਼ਾ ਦੇਣ। ਉਧਰ ਰੱਖਿਆ ਮੰਤਰੀ ਸੀਤਾਰਾਮਨ ਨੇ ਰਾਹੁਲ ਨੂੰ ਸਬੰਧਤ ਰਿਪੋਰਟ ਪੂਰੀ ਪੜ੍ਹਨ ਦੀ ਸਲਾਹ ਦਿੱਤੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਮੁੱਦੇ (ਰਾਫ਼ਾਲ ਕਰਾਰ) ਨੂੰ ਪੂਰੀ ਤਰ੍ਹਾਂ ਸਮਝੇ ਬਗੈਰ ਮੁਲਕ ਨੂੰ ‘ਗੁੰਮਰਾਹ’ ਕਰ ਰਹੇ ਹਨ। ਸ੍ਰੀ ਗਾਂਧੀ ਨੇ ਰੱਖਿਆ ਮੰਤਰੀ ਖ਼ਿਲਾਫ਼ ਇਹ ਸੱਜਰਾ ਹੱਲਾ ਉਸ ਮੀਡੀਆ ਰਿਪੋਰਟ ਮਗਰੋਂ ਕੀਤਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਐਚਏਐਲ ਨੂੰ ਉਪਰੋਕਤ ਇਕ ਲੱਖ ਕਰੋੜ ਰੁਪਏ ’ਚੋਂ ਇਕ ਰੁਪਇਆ ਤਾਂ ਕੀ, ਕੋਈ ਇਕਹਿਰਾ ਆਰਡਰ ਵੀ ਨਹੀਂ ਦਿੱਤਾ ਗਿਆ। ਮੀਡੀਆ ਰਿਪੋਰਟ ’ਚ ਇਸ ਦਾਅਵੇ ਲਈ ਐਚਏਐਲ ਪ੍ਰਬੰਧਨ ਅਧਿਕਾਰੀਆਂ ਦਾ ਹਵਾਲਾ ਦਿੱਤਾ ਗਿਆ ਹੈ। ਸ੍ਰੀ ਗਾਂਧੀ ਨੇ ਇਕ ਟਵੀਟ ’ਚ ਕਿਹਾ, ‘ਜਦੋਂ ਤੁਸੀਂ ਇਕ ਝੂਠ ਬੋਲਦੇ ਹੋ ਤਾਂ ਤੁਹਾਨੂੰ ਇਸ ਨੂੰ ਛੁਪਾਉਣ ਲਈ ਹੋਰ ਕਈ ਝੂਠ ਬੋਲਣੇ ਪੈਂਦੇ ਹਨ। ਰਾਫ਼ਾਲ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ ਕਾਹਲ ਵਿੱਚ ਆਰਐਮ (ਰੱਖਿਆ ਮੰਤਰੀ) ਨੇ ਸੰਸਦ ਵਿੱਚ ਝੂਠ ਬੋਲਿਆ। ਭਲਕੇ, ਆਰਐਮ ਐਚਏਐਲ ਨੂੰ ਦਿੱਤੇ ਇਕ ਲੱਖ ਕਰੋੜ ਰੁਪਏ ਦੇ ਆਰਡਰ ਸਬੰਧੀ ਦਸਤਾਵੇਜ਼ ਵਿਖਾਉਣ ਜਾਂ ਫਿਰ ਅਸਤੀਫ਼ਾ ਦੇਣ।’ ਇਸ ਦੌਰਾਨ ਰੱਖਿਆ ਮੰਤਰੀ ਨੇ ਕਾਂਗਰਸ ਪ੍ਰਧਾਨ ’ਤੇ ਮੋੜਵਾਂ ਵਾਰ ਕਰਦਿਆਂ ਟਵੀਟ ਕੀਤਾ, ‘ਲੋਕ ਸਭਾ ਦਾ ਰਿਕਾਰਡ ਇਹ ਦਰਸਾਉਂਦਾ ਹੈ ਕਿ ਸੀਤਾਰਾਮਨ ਨੇ ਇਹ ਦਾਅਵਾ ਕਦੇ ਵੀ ਨਹੀਂ ਕੀਤਾ ਕਿ ਆਰਡਰਾਂ ’ਤੇ ਸਹੀ ਪੈ ਚੁੱਕੀ ਹੈ, ਇਹ ਜ਼ਰੂਰ ਕਿਹਾ ਸੀ ਕਿ ਇਨ੍ਹਾਂ ’ਤੇ ਕੰਮ ਚੱਲ ਰਿਹਾ ਹੈ।’ ਸੀਤਾਰਾਮਨ ਦੇ ਦਫ਼ਤਰ ਨੇ ਵੀ ਮਗਰੋਂ ਟਵੀਟ ਕਰਦਿਆਂ ਕਿਹਾ, ‘ਸ੍ਰੀ ਰਾਹੁਲ ਗਾਂਧੀ ਜੀ, ਲਗਦਾ ਹੈ ਕਿ ਤੁਹਾਨੂੰ ਸਚਮੁੱਚ ਏਬੀਸੀ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਤੁਹਾਡੇ ਵਰਗਾ ਸ਼ਖ਼ਸ, ਜੋ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਤੁਲਿਆ ਹੈ, ਹੀ ਬਿਨਾਂ ਪੜ੍ਹੇ ਕਿਸੇ ਆਰਟੀਕਲ ਦਾ ਹਵਾਲਾ ਦੇ ਸਕਦਾ ਹੈ।’ ਦਫ਼ਤਰ ਨੇ ਕਿਹਾ ਕਿ ਐਚਏਐਲ ਨੇ ਸਾਲ 2014 ਤੋਂ 2018 ਦਰਮਿਆਨ 26,570.8 ਕਰੋੜ ਰੁਪਏ ਦਾ ਕਰਾਰ ਸਹੀਬੰਦ ਕੀਤਾ ਹੈ ਜਦੋਂਕਿ 73 ਹਜ਼ਾਰ ਕਰੋੜ ਰੁਪਏ ਦਾ ਕਰਾਰ ਅਜੇ ਪਾਈਪਲਾਈਨ ਵਿੱਚ ਹੈ। ਦਫ਼ਤਰ ਨੇ ਟਵੀਟ ’ਚ ਅੱਗੇ ਕਿਹਾ, ‘ਕੀ ਰਾਹੁਲ ਗਾਂਧੀ ਸੰਸਦ ਦੇ ਮੰਚ ਤੋਂ ਮੁਲਕ ਤੋਂ ਮੁਆਫ਼ੀ ਮੰਗਣਗੇ ਤੇ ਅਸਤੀਫ਼ਾ ਦੇਣਗੇ।’
INDIA ਐਚਏਐੱਲ: ਰੱਖਿਆ ਮੰਤਰੀ ਨੇ ਝੂਠ ਬੋਲਿਆ: ਰਾਹੁਲ