*ਕੋਰੋਨਾ ਦੀ ਆੜ ’ਚ ਗੈਰ-ਭਾਜਪਾ ਰਾਜ ਦੀਆਂ ਸਰਕਾਰਾਂ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਜਾਰੀ
*ਸੈਂਕੜੇ ਕਿਸਾਨਾਂ ਦੀ ਮੌਤ ’ਤੇ ਚੁੱਪ ਰਹਿਣ ਵਾਲਾ ਗੋਦੀ ਮੀਡੀਆ ਦੋ ਕਿਸਾਨ ਦੀ ਮੌਤ ’ਤੇ ਹੁਣ ਕਿਉਂ ਢਿੰਡੋਰਾ ਪਿੱਟਣ ਲੱਗਾ
ਅੱਪਰਾ, ਸਮਾਜ ਵੀਕਲੀ- ਦੇਸ਼ ਅੰਦਰ ਚੱਲ ਰਹੀ ਕੋਰੋਨਾ ਦੀ ਦੂਸਰੀ ਲਹਿਰ ’ਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾਉਂਦੇ ਹੋਏ ਸੋਮ ਦੱਤ ਸੋਮੀ ਕੋ-ਚੇਅਰਮੈਨ ਐਸ. ਸੀ. ਡਿਪਾਰਟਮੈਂਟ ਜਿਲਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਨੇ ਕਿਹਾ ਕਿ ਮੋਦੀ ਸਾਹਬ ਇਹ ਸਮਾਂ ‘ਐਕਟਿੰਗ’ ਕਰਨ ਦਾ ਨਹੀਂ ਬਲਕਿ ‘ਐਕਸ਼ਨ’ ਲੈਣ ਦਾ ਹੈ। ਉਨਾਂ ਕਿਹਾ ਕਿ ਮਗਰਮੱਛ ਦੇ ਹੰਝੂ ਵਹਾ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਿਆ ਕਿ ਹੁਣ ਜਦੋਂ ਦੇਸ਼ ਦੇ ਅੰਦਰ ਕੋਰੋਨਾ ਵੈਕਸੀਨ ਲੱਭਣ ’ਤੇ ਵੀ ਨਹੀਂ ਲੱਭ ਰਹੀ ਤੇ ਹਰ ਰਾਜ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸਿਨ ਦੀ ਖੇਪ ਨੂੰ ਹੋਰ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ ਤਾਂ ਦੇਸ਼ ਅੰਦਰ ਟੀਕਾਕਰਣ ਤੋਂ ਪਹਿਲਾਂ ਹੀ ਦੂਸਰੇ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਵੇਚਣ ਦੀ ਕੀ ਤੁਕ ਹੈ?
ਇਸ ਮੌਕੇ ਸੋਮ ਦੱਤ ਸੋਮੀ ਨੇ ਗੋਦੀ ਮੀਡੀਆ ਨੂੰ ਵੀ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ ਲਗਭਗ 3 ਮਹੀਨਿਆਂ ਤੋਂ ਕਿਸਾਨੀ ਅੰਦੋਲਨ ਦੀ ਕਵੇਰਜ਼ ਨਾ ਕਰਨ ਵਾਲੇ ਗੋਦੀ ਮੀਡੀਆ ਨੂੰ ਹੁਣ ਕਿੱਧਰੋਂ ਖਿਆਲ ਆ ਗਿਆ ਕਿ ਕੋਰੋਨਾ ਦੇ ਕਾਰਣ ਕਿਸਾਨ ਅੰਦੋਲਨ ’ਚ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਉਨਾਂ ਕਿਹਾ ਕਿ ਇਹ ਸੱਭ ਅੰਦਰਖਾਤੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਪਹਿਲਾਂ ਹੋਈਆਂ ਲਗਭਗ 400 ਮੌਤਾਂ ’ਤੇ ਗੋਦੀ ਮੀਡੀਆ ਤੇ ਕੇਂਦਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪਿਆ।
ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਕੋਰੋਨਾ ਦੀ ਆੜ ’ਚ ਕੇਂਦਰ ਸਰਕਾਰ ਨੇ ਕਈ ਕਾਲੇ ਕਾਨੂੰਨ ਪਾਸ ਕਰਕੇ ਲਾਗੂ ਕਰ ਦਿੱਤੇ, ਕਈ ਸਬਸਿਡੀਆਂ ਨੂੰ ਖਤਮ ਕਰ ਦਿੱਤਾ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਛਿੱਕੇ ’ਤੇ ਟੰਗ ਕੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗੈਰ-ਭਾਜਪਾ ਰਾਜ ਦੀਆਂ ਸਰਕਾਰਾਂ ਨੂੰ ਡੇਗ ਕੇ ਉੱਥੇ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੇ ਘਟੀਆਂ ਮਨਸੂਬਿਆਂ ਨੂੰ ਅੰਜ਼ਾਮ ਦੇ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly