ਐਂਬੂਲੈਂਸ ਦੀ ਸੜਕ ’ਤੇ ਖੜ੍ਹੇ ਟੈਂਕਰ ਨਾਲ ਟੱਕਰ

ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ-ਰਾਹ ਤੇ ਇਕ ਦਿਲ ਦੇ ਮਰੀਜ਼ ਨੂੰ ਪੀਜੀਆਈ ਲਿਜਾ ਰਹੀ ਐਂਬੂਲੈਂਸ ਚੰਡੀਗੜ੍ਹ ਬੈਰੀਅਰ ਦੇ ਨੇੜੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ।
ਹਾਦਸੇ ਵਿੱਚ ਮਰੀਜ਼ ਮੁਕੇਸ਼ ਕੁਮਾਰ ਵਾਸੀ ਪੁੰਡਰੀ ਅਤੇ ਉਸ ਦਾ ਮਾਮਾ ਪਾਲ ਸਿੰਘ ਵਾਸੀ ਕੁਰੂਕਸ਼ੇਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਐਂਬੂਲੈਂਸ ਡਰਾਈਵਰ ਅਮਿਤ ਕੁਮਾਰ ਸਮੇਤ ਮ੍ਰਿਤਕ ਮਰੀਜ਼ ਦੀ ਮਾਤਾ ਅੰਗਰੇਜ਼ੋ ਤੇ ਮਾਮੀ ਰੇਖਾ ਰਾਣੀ ਸ਼ਾਮਲ ਹਨ। ਹਾਦਸੇ ਦਾ ਕਾਰਨ ਐਂਬੂਲੈਂਸ ਚਾਲਕ ਨੂੰ ਝਪਕੀ ਆਉਣਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਕੇ ਜ਼ਖ਼ਮੀਆਂ ਨੂੰ ਇਲਾਜ ਲਈ ਚੰਡੀਗੜ੍ਹ ਸੈਕਟਰ 32 ਦਾਖਲ ਕਰਵਾਇਆ ਹੈ।
ਜਾਣਕਾਰੀ ਅਨੁਸਾਰ ਅੱਜ ਇਕ ਐਂਬੂਲੈਂਸ ਕੁਰੂਕਸ਼ੇਤਰ ਦੇ ਇਕ ਨਿੱਜੀ ਹਸਪਤਾਲ ਤੋਂ ਦਿਲ ਦੇ ਮਰੀਜ਼ ਨੂੰ ਚੰਡੀਗੜ੍ਹ ਪੀਜੀਆਈ ਲੈ ਕੇ ਆ ਰਹੀ ਸੀ। ਐਂਬੂਲੈਂਸ ਨੂੰ ਡਰਾਈਵਰ ਅਮਿਤ ਕੁਮਾਰ ਚਲਾ ਰਿਹਾ ਸੀ ਜਦਕਿ ਉਸ ਵਿੱਚ ਮਰੀਜ਼ ਮੁਕੇਸ਼ ਕੁਮਾਰ, ਉਸ ਦੀ ਮਾਤਾ ਅੰਗਰੇਜ਼ੋ, ਮਾਮਾ ਪਾਲ ਸਿੰਘ, ਮਾਮੀ ਰੇਖਾ ਰਾਣੀ ਸਵਾਰ ਸਨ।
ਲੰਘੀ ਰਾਤ 12 ਵਜੇ ਦੇ ਕਰੀਬ ਉਹ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਪੀਜੀਆਈ ਲਈ ਚੱਲੇ ਸੀ। ਰਾਤ ਦੇ ਕਰੀਬ ਪੌਣੇ ਦੋ ਵਜੇ ਜਦ ਉਹ ਚੰਡੀਗੜ੍ਹ ਬੈਰੀਅਰ ਕੋਲ ਪਹੁੰਚੇ ਤਾਂ ਅਚਾਨਕ ਐਂਬੂਲੈਂਸ ਚਾਲਕ ਦਾ ਸੰਤੁਲਨ ਵਿਗੜ ਗਿਆ ਜਿਸ ਦੀ ਟੱਕਰ ਸੜਕ ਕੰਢੇ ਖੜ੍ਹੇ ਇਕ ਦੁੱਧ ਦੇ ਟੈਂਕਰ ਨਾਲ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਐਂਬੂਲੈਂਸ ਸਵਾਰ ਮਰੀਜ਼ ਮੁਕੇਸ਼ ਕੁਮਾਰ ਅਤੇ ਉਸ ਦਾ ਮਾਮਾ ਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਮਾਤਾ ਤੇ ਮਾਮੀ ਨੇ ਦੱਸਿਆ ਕਿ ਉਹ ਪਿੱਛੇ ਮਰੀਜ਼ ਨਾਲ ਸਵਾਰ ਸੀ ਅਚਾਨਕ ਐਂਬੂਲੈਂਸ ਇਕ ਪਾਸੇ ਨੂੰ ਮੁੜ ਗਈ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚਾਲਕ ਦੀ ਨੀਂਦ ਕਾਰਨ ਝਪਕੀ ਲੱਗ ਗਈ।
ਹਾਦਸੇ ਵਿੱਚ ਐਂਬੂਲੈਂਸ ਚਾਲਕ ਅਮਿਤ ਕੁਮਾਰ ਦੀ ਲੱਤ ਟੁੱਟ ਗਈ ਜਦਕਿ ਮ੍ਰਿਤਕ ਦੀ ਮਾਤਾ ਅਤੇ ਮਾਮੀ ਦੇ ਸਿਰ ਵਿੱਚ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚੋਂ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ।
ਪੁਲੀਸ ਨੇ ਦੁੱਧ ਦੇ ਟੈਂਕਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਲਏ ਹਨ। ਨੁਕਸਾਨੇ ਵਾਹਨਾਂ ਕਾਰਨ ਸੜਕ ’ਤੇ ਜਾਮ ਲੱਗ ਗਿਆ। ਲੋਕਾਂ ਨੇ ਪੁਲੀਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਚੰਡੀਗੜ੍ਹ ਹਸਪਤਾਲ ਪਹੁੰਚਾਇਆ ਗਿਆ।

Previous articleਭੀਮ ਆਰਮੀ ਤੇ ਸੁਹੇਲਦੇਵ ਪਾਰਟੀ ਇਕੱਠਿਆਂ ਲੜਨਗੇ ਯੂਪੀ ਵਿਧਾਨ ਸਭਾ ਚੋਣਾਂ
Next articleਨਸ਼ਿਆਂ ਖ਼ਿਲਾਫ਼ ਆਵਾਜ਼: ਸਰਕਾਰੀ ਸਮਾਗਮ ਦੌਰਾਨ ਡੀਸੀ ਦਾ ਘਿਰਾਓ