ਨਸ਼ਿਆਂ ਖ਼ਿਲਾਫ਼ ਆਵਾਜ਼: ਸਰਕਾਰੀ ਸਮਾਗਮ ਦੌਰਾਨ ਡੀਸੀ ਦਾ ਘਿਰਾਓ

ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਅੱਜ ਪਿੰਡ ਪੱਧਰੀ ਕਲਾਂ ਵਿੱਚ ਇੱਕ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਇਕ ਸਰਕਾਰੀ ਪ੍ਰੋਗਰਾਮ ਰੱਖਿਆ ਗਿਆ ਪਰ ਉੱਥੇ ਲੋਕਾਂ ਨੇ ਸਟੇਜ ’ਤੇ ਬੈਠੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਅਤੇ ਤਰਨ ਤਾਰਨ ਹਲਕੇ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਅਗਨੀਹੋਤਰੀ ਤੋਂ ਸਵਾਲਾਂ ਦੀ ਝੜੀ ਲਗਾ ਦਿੱਤੀ।
ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਨਸ਼ੇ, ਕੰਡੇ ਅਤੇ 17000 ਰੁਪਏ ਸਮੇਤ ਝਬਾਲ ਪੁਲੀਸ ਕੋਲ ਫੜਾਇਆ ਗਿਆ ਸੀ, ਪਰ ਪੁਲੀਸ ਨੇ ਸਿਰਫ ਚਾਰ-ਪੰਜ ਗਰਾਮ ਹੈਰੋਇਨ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਕੰਡਾ ਅਤੇ ਨਗਦੀ ਵੀ ਸ਼ਾਮਲ ਨਹੀਂ ਕੀਤੀ ਗਈ ਹੈ। ਜਦ ਪਿੰਡ ਵਾਸੀਆਂ ਵੱਲੋਂ ਥਾਣਾ ਝਬਾਲ ਦੇ ਜਾਂਚ ਅਧਿਕਾਰੀ ਕੋਲੋ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਸਭ ਅਦਾਲਤ ਵਿੱਚ ਪੇਸ਼ ਕਰਨਗੇ ਪਰ ਉਕਤ ਮੁਲਜ਼ਮ ਕੁਝ ਦਿਨਾਂ ਬਾਅਦ ਹੀ ਰਿਹਾਅ ਹੋ ਕੇ ਬਾਹਰ ਆ ਗਿਆ ਅਤੇ ਲੋਕਾਂ ਨੂੰ ਧਮਕੀਆਂ ਦੇਣ ਲੱਗਾ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲੀਸ ਇਸ ਤਰ੍ਹਾਂ ਆਪਣਾ ਕੰਮ ਕਰੇਗੀ ਤਾਂ ਨਸ਼ਾ ਕਦੇ ਖ਼ਤਮ ਨਹੀਂ ਹੋ ਸਕਦਾ। ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਪੁਲੀਸ ਨੂੰ 15 ਦਿਨਾਂ ਦੇ ਅੰਦਰ ਕਾਰਵਾਈ ਦੇ ਆਦੇਸ਼ ਦੇ ਦਿੱਤੇ ਪਰ ਪਿੰਡ ਵਾਸੀਆਂ ਵਿੱਚੋਂ ਇੱਕ ਨੌਜਵਾਨ ਨੇ ਤਾਂ ਡਿਪਟੀ ਕਮਿਸ਼ਨਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਾਡੇ ਪਿੰਡ ਵਿੱਚੋਂ ਇੱਕ ਮਹੀਨੇ ਤੱਕ ਵੀ ਨਸ਼ਾ ਖ਼ਤਮ ਕਰ ਦਿਓ ਤਾਂ ਉਹ ਉਨ੍ਹਾਂ ਦੇ ਪੈਰ ਧੋ-ਧੋ ਕੇ ਪੀਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਤਰਨ ਤਾਰਨ ਦੇ ਕਾਂਗਰਸੀ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਬੇਟੇ ਸੰਦੀਪ ਅਗਨੀਹੋਤਰੀ ਨੂੰ ਵੀ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਥਾਣਾ ਝਬਾਲ ਦੇ ਐੱਸਐੱਚਓ ਪ੍ਰਭਜੀਤ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਨੂੰ ਲੋਕਾਂ ਨੇ ਗੱਲ ਤੱਕ ਨਹੀਂ ਕਰਨ ਦਿੱਤੀ। ਇਸ ਦੌਰਾਨ ਜਦੋਂ ਡਿਪਟੀ ਕਮਿਸ਼ਨਰ ਨੇ ਪੁਲੀਸ ਨੂੰ ਹਰੇਕ ਘਰ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਵੀ ਪੁਲੀਸ ਦੇ ਨਾਲ ਹਰ ਘਰ ਵਿੱਚ ਜਾਣਗੇ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਅੱਜ ਪਿੰਡ ਵਾਸੀਆਂ ਨੇ ਜੋ ਮੰਗ ਰੱਖੀ ਸੀ ਉਸ ਸਬੰਧੀ ਕਾਰਵਾਈ ਕਰਨ ਲਈ ਪੁਲੀਸ ਨੂੰ ਕਹਿ ਦਿੱਤਾ ਗਿਆ ਹੈ ਅਤੇ ਅਜਿਹਾ ਕੋਈ ਵਿਅਕਤੀ ਬਖ਼ਸ਼ਿਆ ਨਹੀਂ ਜਾਵੇਗਾ ਜੋ ਨਸ਼ੇ ਦੇ ਕਾਰੋਬਾਰ ਵਿਚ ਲੱਗਾ ਹੈ।

Previous articleਐਂਬੂਲੈਂਸ ਦੀ ਸੜਕ ’ਤੇ ਖੜ੍ਹੇ ਟੈਂਕਰ ਨਾਲ ਟੱਕਰ
Next articleਗੈਸਟ ਫੈਕਲਟੀ ਲੈਕਚਰਾਰਾਂ ਵੱਲੋਂ ਸਰਕਾਰ ਖ਼ਿਲਾਫ਼ ਧਰਨੇ