ਨਵੀਂ ਦਿੱਲੀ (ਸਮਾਜ ਵੀਕਲੀ) : ਸਨਅਤਕਾਰ ਮੁਕੇਸ਼ ਅੰਬਾਨੀ ਦੀ ਇਥੇ ‘ਐਂਟੀਲੀਆ’ ਰਿਹਾਇਸ਼ ਦੇ ਬਾਹਰ ਸਕੌਰਪੀਓ ’ਚ ਧਮਾਕਾਖੇਜ਼ ਸਮੱਗਰੀ ਮਿਲਣ ਨਾਲ ਜੁੜੇ ਕੇਸ ਦੀ ਜਾਂਚ ਨੂੰ ਲੈ ਮੁੰਬਈ ਪੁਲੀਸ ’ਤੇ ਉੱਠ ਰਹੀਆਂ ਉਂਗਲਾਂ ਦਰਮਿਆਨ ਮਹਾਰਾਸ਼ਟਰ ਸਰਕਾਰ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਹੇਮੰਤ ਨਗਰਾਲੇ ਨੂੰ ਪਰਮਬੀਰ ਸਿੰਘ ਦੀ ਥਾਂ ਮੁੰਬਈ ਦਾ ਨਵਾਂ ਪੁਲੀਸ ਕਮਿਸ਼ਨਰ ਥਾਪ ਦਿੱਤਾ ਹੈ। ਨਗਰਾਲੇ ਕੋਲ ਮਹਾਰਾਸ਼ਟਰ ਦੇ ਡੀਜੀਪੀ ਦਾ ਵਧੀਕ ਚਾਰਜ ਵੀ ਹੈ। ਕੇਸ ਨੂੰ ਕਥਿਤ ‘ਸਹੀ ਢੰਗ’ ਨਾਲ ਨਾ ਸਿੱਝਣ ਲਈ ਪਰਮਬੀਰ ਸਿੰਘ ਸੱਤਾਧਾਰੀ ਪਾਰਟੀਆਂ ਦੇ ਨਿਸ਼ਾਨੇ ’ਤੇ ਸਨ। ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਸਿੰਘ ਨੂੰ ਡਾਇਰੈਕਟਰ ਜਨਰਲ ਹੋਮ ਗਾਰਡ ਬਣਾ ਦਿੱਤਾ ਗਿਆ ਹੈ। ਪਰਮਬੀਰ ਸਿੰਘ, ਸੰਜੈ ਪਾਂਡੇ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਐੱਮ.ਐੱਸ.ਸੀ.ਸੀ. ਦਾ ਐੱਮਡੀ ਲਗਾ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਪਾਂਡੇ ਇਸ ਨਿਯੁਕਤੀ ਦੇ ਵਿਰੋਧ ਵਜੋਂ ਲੰਮੀ ਛੁੱਟੀ ਲੈ ਲਈ ਹੈ। ਦੇਸ਼ਮੁੱਖ ਨੇ ਅੱਜ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕਰਨ ਮਗਰੋਂ ਨਵੇਂ ਪੁਲੀਸ ਮੁਖੀ ਦੀ ਨਿਯੁਕਤੀ ਸਬੰਧੀ ਟਵਿੱਟਰ ’ਤੇ ਐਲਾਨ ਕੀਤਾ ਸੀ। ਉਧਰ ਨਿੱਤ ਨਵੀਆਂ ਪਰਤਾਂ ਖੁੱਲ੍ਹਣ ਨਾਲ ਇਹ ਮਾਮਲਾ ਹੋਰ ਗੁੰਝਲਦਾਰ ਬਣਦਾ ਜਾ ਰਿਹਾ ਹੈ। ਕੌਮੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ‘ਕੁਝ ਹੋਰ ਲੋਕ’ ਵੀ ਸ਼ਾਮਲ ਹੋ ਸਕਦੇ ਹਨ, ਜੋ ਗ੍ਰਿਫ਼ਤਾਰ ਕੀਤੇ ਪੁਲੀਸ ਮੁਲਾਜ਼ਮ ਸਚਿਨ ਵਜ਼ੇ ਨੂੰ ਕਥਿਤ ਹਦਾਇਤਾਂ ਦੇ ਰਹੇ ਸਨ।
ਐੱਨਆਈਏ ਨੇ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ’ਚ ਸਹਾਇਕ ਪੁਲੀਸ ਇੰਸਪੈਕਟਰ ਵਜ਼ੇ ਨੂੰ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਐੱਨਆਈਏ ਨੇ ਮੁੰਬਈ ਅਪਰਾਧ ਸ਼ਾਖਾ ’ਚ ਸਹਾਇਕ ਪੁਲੀਸ ਇੰਸਪੈਕਟਰ ਰਿਆਜ਼ੂਦੀਨ ਕਾਜ਼ੀ ਤੋਂ ਅੱਜ ਲਗਾਤਾਰ ਚੌਥੇ ਦਿਨ ਵੀ ਪੁੱਛਗਿੱਛ ਕੀਤੀ। ਐੱਨਆਈਏ ਨੇ ਮੰਗਲਵਾਰ ਰਾਤ ਨੂੰ ਵਜ਼ੇ ਵੱਲੋਂ ਵਰਤੀ ਮਰਸੀਡੀਜ਼ ਕਾਰ ਬਰਾਮਦ ਕੀਤੀ ਹੈ। ਕਾਰ ’ਚੋਂ ਪੰਜ ਲੱਖ ਦੀ ਨਗਦੀ ਤੇ ਧਮਾਕਾਖੇਜ਼ ਸਮੱਗਰੀ ਲਈ ਵਰਤੀ ਸਕੌਰਪੀਓ ਦੀ ਅਸਲ ਨੰਬਰ ਪਲੇਟ ਸਮੇਤ ਕੁਝ ਹੋਰ ਸਾਮਾਨ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਕੁਝ ਨਾਂ ਸਾਹਮਣੇ ਆਏ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਜਾਵੇਗਾ।
ਉਧਰ ਮਰਸੀਡੀਜ਼ ਕਾਰ ਦੇ ਅਸਲ ਮਾਲਕ ਨੇ ਅੱਜ ਕਿਹਾ ਕਿ ਉਹ ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗਾ। ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਦੇ ਵਸਨੀਕ ਤੇ ਮਰਸੀਡੀਜ਼ ਕਾਰ ਦੇ ਸਾਬਕਾ ਮਾਲਕ ਸਾਰਾਂਸ਼ ਭਾਵਸਰ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਉਸ ਨੇ ਇਹ ਵਾਹਨ ਪਿਛਲੇ ਮਹੀਨੇ ਆਨਲਾਈਨ ਪੋਰਟਲ ਜ਼ਰੀਏ ਵੇਚ ਦਿੱਤਾ ਸੀ। ਭਾਵਸਰ ਨੇ ਦਾਅਵਾ ਕੀਤਾ ਕਿ ਉਸ ਨੂੰ ਨਹੀਂ ਪਤਾ ਕਿ ਇਹ ਕਾਰ ਕਿਸੇ ਨੇ ਖਰੀਦੀ ਸੀ ਤੇ ਉਹ ਵਜ਼ੇ ਨੂੰ ਵੀ ਨਹੀਂ ਜਾਣਦਾ।