(ਸਮਾਜ ਵੀਕਲੀ)
ਮਨੁੱਖ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਵਧੀਆ ਖੁਰਾਕ ਲੈਂਦਾ ਹੈ,ਕਸਰਤ ਕਰਦਾ ਹੈ ਅਤੇ ਆਪਣੀ ਸਰੀਰਕ ਸੁੰਦਰਤਾ ਵਧਾਉਣ ਲਈ ਸੌ ਤਰ੍ਹਾਂ ਦੇ ਹੋਰ ਤਰੀਕੇ ਅਪਣਾਉਂਦਾ ਹੈ। ਹਰ ਵਿਅਕਤੀ ਨੂੰ ਸਰੀਰਕ ਤੌਰ ਤੇ ਸੁੰਦਰ ਲੱਗਣਾ ਵੀ ਚਾਹੀਦਾ ਹੈ। ਜਿਸ ਤਰ੍ਹਾਂ ਸਰੀਰ ਨੂੰ ਨਿਰੋਗ ਰੱਖਣ ਲਈ ਵਧੀਆ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਮਨ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ।ਜੇ ਮਨੁੱਖ ਮਾਨਸਿਕ ਤੌਰ ਤੇ ਰਿਸ਼ਟ-ਪੁਸ਼ਟ ਹੋਵੇਗਾ ਤਾਂ ਹੀ ਉਹ ਸਰੀਰਕ ਪੱਖੋਂ ਤੰਦਰੁਸਤ ਰਹਿ ਸਕਦਾ ਹੈ। ਕਿਸੇ ਵੀ ਮਨੁੱਖ ਦੀ ਮਨੋਦਸ਼ਾ ਨੂੰ ਉਸ ਦਾ ਚਿਹਰਾ ਬਿਆਨ ਕਰ ਦਿੰਦਾ ਹੈ।
ਜੇ ਕਿਸੇ ਵਿਅਕਤੀ ਦਾ ਮਨ ਉਦਾਸ ਹੁੰਦਾ ਹੈ ਤਾਂ ਉਸ ਦਾ ਚਿਹਰਾ ਵੀ ਮੁਰਝਾ ਜਾਂਦਾ ਹੈ।ਜੇ ਕਿਸੇ ਵਿਅਕਤੀ ਦਾ ਮਨ ਖੁਸ਼ ਹੋਏ ਤਾਂ ਉਸ ਦਾ ਚਿਹਰਾ ਵੀ ਖਿੜਿਆ ਖਿੜਿਆ ਦਿਸਦਾ ਹੈ। ਇਸ ਤਰ੍ਹਾਂ ਸਾਰਿਆਂ ਨੂੰ ਸਰੀਰ ਦੇ ਨਾਲ ਨਾਲ ਮਨ ਦਾ ਵੀ ਧਿਆਨ ਰੱਖਣਾ ਵੀ ਜ਼ਰੂਰੀ ਹੈ।ਪਦਾਰਥਵਾਦੀ ਯੁੱਗ ਹੋਣ ਕਰਕੇ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਭਰ ਮਿਹਨਤ ਕਰਦਾ ਹੈ। ਸਵੇਰ ਤੋਂ ਸ਼ਾਮ ਤੱਕ ਭੱਜ ਦੌੜ ਵਾਲ਼ੀ ਜ਼ਿੰਦਗੀ ਵਿੱਚ ਮਨੁੱਖ ਨੇ ਆਪਣੇ ਸਰੀਰ ਨੂੰ ਇੱਕ ਮਸ਼ੀਨ ਹੀ ਬਣਾ ਲਿਆ ਹੈ।
ਜਿੰਨੀ ਤੇਜ਼ੀ ਨਾਲ ਸਰੀਰ ਰੂਪੀ ਮਸ਼ੀਨ ਚੱਲਦੀ ਹੈ ਓਨਾ ਹੀ ਤੇਜ਼ੀ ਨਾਲ ਉਸ ਵਿੱਚ ਬੈਠਾ ਮਨ ਦੌੜ ਰਿਹਾ ਹੁੰਦਾ ਹੈ। ਸਰੀਰ ਅਤੇ ਮਨ ਦੀ ਤੇਜ਼ ਰਫ਼ਤਾਰੀ ਕਾਰਨ ਮਨੁੱਖ ਅੰਦਰ ਮਾਨਸਿਕ ਤਣਾਓ ਵੱਧਦਾ ਜਾ ਰਿਹਾ ਜਿਸ ਕਰਕੇ ਉਹ ਡਿਪਰੈਸ਼ਨ ਜਿਹੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅੱਜ ਕੱਲ੍ਹ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਮਨੁੱਖ ਲਈ ਘਾਤਕ ਸਿੱਧ ਹੁੰਦੀਆਂ ਹਨ। ਸੋ ਆਪਣੇ ਮਨ ਨੂੰ ਤੰਦਰੁਸਤ ਰੱਖਣ ਲਈ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ,ਇਸ ਬਾਰੇ ਵਿਚਾਰ ਕਰਦੇ ਹਾਂ।ਮਨ ਨੂੰ ਵੀ ਸਰੀਰ ਵਾਂਗ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੁੰਦੀ ਹੈ।ਮਨ ਦੀ ਪੌਸ਼ਟਿਕ ਖੁਰਾਕ ਉਸ ਦੇ ਸ਼ੁੱਧ ਵਿਚਾਰ ਹੁੰਦੇ ਹਨ।
ਮਨੁੱਖ ਦੇ ਮਨ ਅੰਦਰ ਜਿਹੋ ਜਿਹੇ ਵਿਚਾਰ ਪੈਦਾ ਹੁੰਦੇ ਹਨ ਉਸੇ ਤਰ੍ਹਾਂ ਦਾ ਉਹ ਆਪਣੇ ਆਲ਼ੇ ਦੁਆਲ਼ੇ ਦਾ ਵਾਤਾਵਰਨ ਸਿਰਜ ਰਿਹਾ ਹੁੰਦਾ ਹੈ।ਜੇ ਕੋਈ ਵਿਅਕਤੀ ਚੰਗੇ ਵਿਚਾਰਾਂ ਦਾ ਧਾਰਨੀ ਹੋਵੇਗਾ ਤਾਂ ਉਹ ਸਹਿਜੇ ਹੀ ਮਾਨਸਿਕ ਤੌਰ ਤੇ ਰਿਸ਼ਟਪੁਸ਼ਟ ਰਹਿ ਸਕੇਗਾ। ਆਪਣੇ ਮਨ ਅੰਦਰ ਵਧੀਆ ਵਿਚਾਰ ਪੈਦਾ ਕਰਨ ਲਈ ਚੰਗੀਆਂ ਸ਼ਖ਼ਸੀਅਤਾਂ ਬਾਰੇ ਪੜ੍ਹਨਾ ਜਾਂ ਸੁਣਨਾ,ਟੀ.ਵੀ ਉੱਪਰ ਪ੍ਰੇਰਨਾਦਾਇਕ ਪ੍ਰੋਗਰਾਮ ਵੇਖਣਾ ਅਤੇ ਵਧੀਆ ਵਧੀਆ ਕੰਮ ਕਰਨਾ ਆਦਿ। ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਨੂੰ ਸਹੀ ਸੇਧ ਮਿਲਦੀ ਹੈ, ਮਨੁੱਖ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਮਨ ਕੁਝ ਚੰਗਾ ਕਰਨ ਲਈ ਤਿਆਰ ਹੁੰਦਾ ਹੈ।
ਸਰੀਰ ਵਾਂਗ ਮਨ ਨੂੰ ਵੀ ਕਸਰਤ ਦੀ ਲੋੜ ਹੁੰਦੀ ਹੈ।ਮਨ ਦੀ ਕਸਰਤ ਕਰਨ ਲਈ ਹਰ ਸਮੇਂ ਉਸ ਨੂੰ ਜਾਗਰੂਕ ਰੱਖਣਾ ਪੈਂਦਾ ਹੈ। ਆਪਣੇ ਅੰਦਰ ਪੈਦਾ ਹੋਣ ਵਾਲੇ ਨਾਕਾਰਾਤਮਕ ਵਿਚਾਰਾਂ ਨੂੰ ਦੂਰ ਕਰਨ ਲਈ ਸਾਕਾਰਾਤਮਕ ਸੋਚ ਪੈਦਾ ਕਰਨੀ ਚਾਹੀਦੀ ਹੈ।ਵਾਰ ਵਾਰ ਸਾਕਾਰਾਤਮਕ ਦ੍ਰਿਸ਼ਟੀਕੋਣ ਅਤੇ ਚਿੰਤਨ ਦਾ ਅਭਿਆਸ ਕਰਕੇ ਨਾਕਾਰਾਤਮਕ ਵਿਚਾਰਾਂ ਨੂੰ ਦੂਰ ਕਰਨਾ ਹੀ ਮਨ ਦੀ ਵਧੀਆ ਕਸਰਤ ਹੈ ਜਿਸ ਨਾਲ ਮਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਮਨ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ। ਇਸ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੇ ਮਨ ਨੂੰ ਖੁਸ਼ ਅਤੇ ਤੰਦਰੁਸਤ ਰੱਖਣ ਲਈ ਧਿਆਨ ਦੇਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly