(ਸਮਾਜ ਵੀਕਲੀ)
ਇੰਟਰਨੈਸ਼ਨਲ ਡੇ ਆਫ਼ ਲਿਸਨਿੰਗ ਨੂੰ ਸਮਰਪਿਤ
ਸਤੰਬਰ ਦੇ ਤੀਜੇ ਵੀਰਵਾਰ ਨੂੰ ਇੰਟਰਨੈਸ਼ਨਲ ਲਿਸਨਰ ਡੇ ਭਾਵ ਅੰਤਰਰਾਸ਼ਟਰੀ ਸੁਣਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਰੋਤਾ ਦਿਵਸ ਦਾ ਪਿਛੋਕੜ ਬਹੁਤ ਪੁਰਾਣਾ ਨਹੀਂ ਹੈ। ਯੂਨੀਵਰਸਿਟੀ ਆਫ ਮਿਨੇਸੋਟਾ ਦੇ ਪ੍ਰੋਫ਼ੈਸਰ ਡਾ. ਰਾਲਫ. ਜੀ. ਨਿਕਲਸ ਨੇ 1979 ਈ: ਨੂੰ ਇੰਟਰਨੈਸ਼ਨਲ ਲਿਸਨਿੰਗ ਐਸੋਸੀਏਸ਼ਨ ਦਾ ਮੁੱਢ ਬੰਨ੍ਹਿਆ ਕਿਉਂ ਕਿ ਉਹਨਾਂ ਨੂੰ ‘ਲਿਸਨਿੰਗ ਦੇ ਪਿਤਾਮਾ ‘(The Father of Listening) ਵਜੋਂ ਜਾਣਿਆ ਜਾਂਦਾ ਸੀ।ਇਸ ਸੰਸਥਾ ਦਾ ਮੁੱਖ ਮਕਸਦ ਸੁਣਨ ਕਲਾ ਦੀ ਵਿੱਦਿਆ ਰਾਹੀਂ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣਾ ਹੈ। ਮਗਰੋਂ 2016 ਵਿੱਚ ਇਸ ਦਿਨ ਨੂੰ ਅੰਤਰਰਾਸ਼ਟਰੀ ਸੁਣਨ ਦਿਵਸ ਮਨਾਉਣ ਵਜੋਂ ਐਲਾਨਿਆ ਗਿਆ।
ਸਰੋਤਾ ਭਾਵ ਸੁਣਨ ਵਾਲਾ ਅਸਲ ਵਿੱਚ ਕੌਣ ਹੁੰਦਾ ਹੈ? ਕੀ ਇਕੱਲੇ ਸਮਾਗਮਾਂ, ਜਮਾਤਾਂ, ਇਕੱਠਾਂ ਅਤੇ ਸਭਾਵਾਂ ਵਿੱਚ ਜਾ ਕੇ ਸਟੇਜ ਤੇ ਖੜ੍ਹੇ ਇੱਕ ਬੰਦੇ ਨੂੰ ਸੁਣਨ ਵਾਲੇ ਜਾਂ ਫਿਰ ਰੇਡੀਓ ਜਾਂ ਟੈਲੀਵਿਜ਼ਨ ਤੇ ਚੱਲ ਰਹੇ ਪ੍ਰੋਗਰਾਮਾਂ ਨੂੰ ਸੁਣਨ ਵਾਲੇ ਹੀ ਸਰੋਤਾ ਹੁੰਦੇ ਹਨ? ਇਸ ਦਿਵਸ ਨੂੰ ਮਨਾਉਣ ਦਾ ਮਕਸਦ ਸੁਣਨ ਦੀ ਕਲਾ ਨੂੰ ਨਿਖਾਰਨ ਲਈ ਉਪਰਾਲੇ ਕਰਨੇ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ। ਦੂਜਿਆਂ ਨੂੰ ਸੁਣਨਾ ਵੀ ਇੱਕ ਕਲਾ ਹੈ।ਇਸ ਕਲਾ ਰਾਹੀਂ ਹਰ ਵਿਅਕਤੀ ਆਪਣੇ ਘਰ,ਕਾਰਜ ਖੇਤਰ, ਵੱਖ ਵੱਖ ਸਮਾਜਿਕ ਖੇਤਰਾਂ ਅਤੇ ਪੂਰੀ ਦੁਨੀਆ ਵਿੱਚ ਵਿਚਰਦੇ ਹੋਏ ਦੂਜਿਆਂ ਨੂੰ ਸੁਣ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਜਾਂ ਪ੍ਰਗਟ ਕਰਦਾ ਹੈ ਇਸ ਦਾ ਬਹੁਤ ਮਹੱਤਵ ਹੈ। ਇੱਕ ਚੰਗਾ ਸਰੋਤਾ ਆਪਣੇ ਹਰ ਖੇਤਰ ਵਿੱਚ ਦੂਜਿਆਂ ਨਾਲ ਰਿਸ਼ਤੇ ਸੁਧਾਰ ਲੈਂਦਾ ਹੈ। ਚੰਗੇ ਸਰੋਤਿਆਂ ਦੀਆਂ ਮਿੱਤਰਤਾ ਦੀਆਂ ਜੜ੍ਹਾਂ ਵੀ ਬਹੁਤ ਡੂੰਘੀਆਂ ਹੋ ਜਾਂਦੀਆਂ ਹਨ ,ਉਸ ਦੇ ਰਿਸ਼ਤੇ ਮਜ਼ਬੂਤ ਹੋ ਜਾਂਦੇ ਹਨ ।
ਇੱਕ ਸਰੋਤਾ ਵੱਡੇ ਜਾਂ ਛੋਟੇ ਸਮਾਗਮਾਂ ਵਿੱਚੋਂ ਕੁਝ ਨਾ ਕੁਝ ਖੱਟ ਕੇ ਹੀ ਘਰ ਪਰਤਦਾ ਹੈ। ਇੱਕ ਚੰਗਾ ਸਰੋਤਾ ਜਗਿਆਸੂ ਭਾਵਨਾ ਨੂੰ ਦਰਸਾਉਂਦਾ ਹੈ। ਉਹ ਦੂਜਿਆਂ ਕੋਲੋਂ ਕੁਝ ਚੰਗਾ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਯੂਨਾਨੀ ਫਿਲਾਸਫਰ ਨੇ ਠੀਕ ਹੀ ਤਾਂ ਕਿਹਾ ਹੈ ਕਿ ਪਰਮਾਤਮਾ ਨੇ ਸਾਨੂੰ ਬੋਲਣ ਲਈ ਇੱਕ ਜੀਭ ਦਿੱਤੀ ਹੈ ਅਤੇ ਸੁਣਨ ਲਈ ਦੋ ਕੰਨ ਭਾਵ ਸਾਡੇ ਅੰਦਰ ਸੁਣਨ ਦੀ ਪ੍ਰਵਿਰਤੀ ਬੋਲਣ ਨਾਲੋਂ ਦੁੱਗਣੀ ਹੋਣੀ ਚਾਹੀਦੀ ਹੈ। ਇੱਕ ਚੰਗਾ ਸਰੋਤਾ ਬਣਨ ਲਈ ਵੀ ਸਾਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ। ਇੱਕ ਚੰਗੇ ਸਰੋਤੇ ਅੰਦਰ ਸਹਿਣਸ਼ੀਲਤਾ ਅਤੇ ਨਿਮਰਤਾ ਭਰਪੂਰ ਹੋਣਾ ਬਹੁਤ ਜ਼ਰੂਰੀ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਤੇਜ਼ ਸੁਭਾਅ ਦੇ ਲੋਕ ਕਦੇ ਵੀ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੁੰਦੇ, ਉਹਨਾਂ ਅੰਦਰਲਾ ਕਾਹਲਾਪਣ ਅਤੇ ਹਉਮੈ ਭਾਵ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ ਦੂਜਿਆਂ ਪ੍ਰਤੀ ਗੱਲ ਕਹਿਣ ਤੱਕ ਹੀ ਸੀਮਤ ਹੁੰਦਾ ਹੈ।
ਇਹੋ ਜਿਹੇ ਲੋਕ ਗਿਆਨ ਵਿਹੂਣੇ ਤਾਨਾਸ਼ਾਹ ਤੋਂ ਵੱਧ ਹੋਰ ਕੁਝ ਨਹੀਂ ਹੁੰਦੇ। ਇੱਕ ਚੰਗਾ ਸਰੋਤਾ ਹਮੇਸ਼ਾ ਦੂਜਿਆਂ ਨੂੰ ਗੱਲ ਕਰਨ ਦਾ ਮੌਕਾ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ।ਉਹ ਕਿਸੇ ਦੀ ਗੱਲ ਨੂੰ ਵਿੱਚੋਂ ਟੋਕਦਾ ਨਹੀਂ,ਉਹ ਸੁਖਾਵਾਂ ਮਾਹੌਲ ਸਿਰਜਦਾ ਹੋਇਆ ਦੂਜਿਆਂ ਦੀ ਗੱਲ ਵਿੱਚੋਂ ਕੁਝ ਚੰਗੇ ਸਵਾਲ ਸਿਰਜਦਾ ਹੈ ਅਤੇ ਕੁਝ ਆਪਣੇ ਸੁਝਾਅ ਦਿੰਦਾ ਹੈ। ਉਹ ਕਦੇ ਵੀ ਆਪਣੀ ਨਿੱਜਤਾ ਨੂੰ ਦੂਜਿਆਂ ਉੱਪਰ ਭਾਰੂ ਨਹੀਂ ਹੋਣ ਦਿੰਦਾ। ਇੱਕ ਚੰਗਾ ਸਰੋਤਾ ਕਦੇ ਵੀ ਦੂਜਿਆਂ ਨੂੰ ਗੱਲ ਕਰਦਿਆਂ ਨੂੰ ਵਿੱਚੋਂ ਨਹੀਂ ਟੋਕਦਾ ਅਤੇ ਨਾ ਹੀ ਆਪਣੇ ਵਿਚਾਰ ਪੇਸ਼ ਕਰਨ ਲਈ ਕਾਹਲਾ ਪੈਣ ਲੱਗਦਾ ਹੈ।ਇਸ ਤਰ੍ਹਾਂ ਇੱਕ ਚੰਗਾ ਸਰੋਤਾ ਬਣਨ ਲਈ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਨਾ ਜ਼ਰੂਰੀ ਹੈ।
ਇਸ ਦਿਵਸ ਨੂੰ ਸਮਰਪਿਤ ਕੰਮਕਾਜੀ ਖ਼ੇਤਰਾਂ, ਸਕੂਲੀ ਪੱਧਰ ਤੋਂ ਕਾਲਜ ਦੇ ਪੱਧਰ ਤੱਕ ਸੁਣਨ ਸ਼ਕਤੀ ਦੇ ਉਪਯੋਗ ਅਤੇ ਉਪਰਾਲਿਆਂ ਸਬੰਧੀ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ, ਬੱਚਿਆਂ ਨੂੰ, ਕਰਮਚਾਰੀਆਂ ਨੂੰ ਅਤੇ ਹੋਰ ਆਪਣੇ ਆਲ਼ੇ ਦੁਆਲ਼ੇ ਦੇ ਲੋਕਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਇਸ ਅਣਗੌਲ਼ੇ ਜਿਹੇ ਵਿਸ਼ੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਸਕੇ ।ਆਓ ਆਪਾਂ ਇਸ ਦਿਵਸ ਨੂੰ ਮੁੱਖ ਰੱਖਦੇ ਹੋਏ ਆਪਣੀ ਸੁਣਨ ਦੀ ਕਲਾ ਵਿੱਚ ਸੁਧਾਰ ਲਿਆ ਕੇ ਇੱਕ ਚੰਗੇ ਸਰੋਤਾ ਬਣੀਏ ਕਿਉਂਕਿ ਹਰ ਦਿਨ ਦਾ ਮਹੱਤਵ ਸਮਝਣਾ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324