ਇਲੈਵੇਨਿਲ ਵਲਾਰਿਵਾਨ ਅਤੇ ਹਰਿਦੈ ਹਜ਼ਾਰਿਕਾ ਦੀ ਮਿਕਸਡ ਡਬਲਜ਼ ਭਾਰਤੀ ਜੋੜੀ ਨੇ ਅੱਜ ਇੱਥੇ 11ਵੀਂ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਦਸ ਮੀਟਰ ਰਾਈਫਲ ਮੁਕਾਬਲੇ ਵਿੱਚ ਜੂਨੀਅਰ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਹਾਸਲ ਕੀਤਾ ਹੈ।
ਇਸੇ ਮੁਕਾਬਲੇ ਵਿੱਚ ਮੇਹੁਲੀ ਘੋਸ਼ ਅਤੇ ਅਰਜਨ ਬਾਬੁਤਾ ਦੀ ਇੱਕ ਹੋਰ ਭਾਰਤੀ ਜੋੜੀ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਲੈਵੇਨਿਲ ਅਤੇ ਹਰਿਦੈ ਦੀ ਜੋੜੀ ਨੇ 835.8 ਅੰਕ ਨਾਲ ਤੀਜੇ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ, ਜਿਸ ਵਿੱਚ ਮੇਹੁਲੀ ਅਤੇ ਅਰਜਨ ਦੀ ਜੋੜੀ 833.5 ਅੰਕ ਨਾਲ ਚੌਥੇ ਸਥਾਨ ’ਤੇ ਸੀ। ਫਾਈਨਲ ਮਗਰੋਂ ਇਲੈਵੇਨਿਲ ਅਤੇ ਹਰਿਦੈ ਦੀ ਜੋੜੀ 502.1 ਦੇ ਸਕੋਰ ਨਾਲ ਸਿਖ਼ਰ ’ਤੇ ਰਹੀ। ਚਾਂਦੀ ਦਾ ਤਗ਼ਮਾ ਚੀਨ ਦੀ ਜੋੜੀ ਨੇ ਜਿੱਤਿਆ, ਜਿਸ ਨੇ 500.9 ਅੰਕ ਬਣਾਏ। ਤੀਜੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਜੋੜੀ ਨੇ ਕੁੱਲ 436.9 ਅੰਕ ਲਏ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਸੋਨਾ, ਤਿੰਨ ਚਾਂਦੀ ਅਤੇ ਦੋ ਕਾਂਸੀ ਸਣੇ ਕੁੱਲ ਛੇ ਤਗ਼ਮੇ ਜਿੱਤੇ ਹਨ।
Sports ਏਸ਼ਿਆਈ ਚੈਂਪੀਅਨਸ਼ਿਪ: ਇਲੈਵੇਨਿਲ ਤੇ ਹਰਿਦੈ ਨੇ ਸੋਨ ਤਗ਼ਮਾ ਫੁੰਡਿਆ