ਭਾਰਤੀ ਕੁਆਲੀਫਾਇਰ ਪ੍ਰਜਨੇਸ਼ ਗੁਣੇਸ਼ਵਰਨ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਇੱਥੇ ਇੰਡੀਅਨ ਵੈੱਲਸ ਏਟੀਪੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਦੁਨੀਆ ਦੇ 18ਵੇਂ ਨੰਬਰ ਦੇ ਖਿਡਾਰੀ ਨਿਕੋਲੋਜ਼ ਬਾਸਿਲਾਸ਼ਵਿਲੀ ਨੂੰ ਹਰਾਇਆ। ਇਸ ਪੱਧਰ ’ਤੇ ਪਹਿਲੀ ਵਾਰ ਸਿੰਗਲਜ਼ ਡਰਾਅ ਵਿਚ ਖੇਡ ਰਹੇ ਖੱਬੇ ਹੱਥ ਦੇ ਪ੍ਰਜਨੇਸ਼ ਨੇ ਦੋ ਘੰਟੇ ਤੇ 32 ਮਿੰਟ ਚੱਲੇ ਮੁਕਾਬਲੇ ਵਿਚ ਜਾਰਜੀਆ ਦੇ ਖਿਡਾਰੀ ਨੂੰ 6-4, 6-7, 7-6 ਨਾਲ ਹਰਾਇਆ। ਦੁਨੀਆ ਦੇ 97ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਨੇ ਪਹਿਲੇ ਸੈੱਟ ਦੇ ਪੰਜਵੇਂ ਗੇਮ ਵਿਚ ਬਾਸਿਲਾਸ਼ਵਿਲੀ ਦੀ ਸਰਵਿਸ ਤੋੜੀ ਤੇ ਫੇਰ ਆਪਣੀ ਸਰਵਿਸ ਬਰਕਰਾਰ ਰੱਖਦੇ ਹੋਏ 31 ਮਿੰਟ ਵਿਚ ਸੈੱਟ ਜਿੱਤਿਆ। ਦੂਜੇ ਤੇ ਤੀਜੇ ਸੈੱਟ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਦੋਵੇਂ ਸੈੱਟ ਟਾਈਬ੍ਰੇਕ ਤੱਕ ਖਿੱਚੇ ਗਏ। ਬਾਸਿਲਾਸ਼ਵਿਲੀ ਨੇ ਦੂਜੇ ਸੈੱਟ ਜਿੱਤਿਆ, ਪਰ ਪ੍ਰਜਨੇਸ਼ ਨੇ ਤੀਜਾ ਤੇ ਫੈਸਲਾਕੁੰਨ ਸੈੱਟ ਜਿੱਤ ਕੇ ਅਗਲੇ ਗੇੜ ਵਿਚ ਦਾਖ਼ਲਾ ਹਾਸਲ ਕਰ ਲਿਆ। ਪ੍ਰਜਨੇਸ਼ ਨੇ ਦੱਸਿਆ ਕਿ ਨਿਸ਼ਚਿਤ ਤੌਰ ’ਤੇ ਇਹ ਵੱਡਾ ਮੈਚ ਸੀ। ਉਨ੍ਹਾਂ ਕਿਹਾ ਕਿ ਉਹ ਬਿਹਤਰ ਪ੍ਰਦਰਸ਼ਨ ਕਰਨ ਦਾ ਇਰਾਦਾ ਲੈ ਕੇ ਮੈਦਾਨ ਵਿਚ ਉਤਰੇ ਸਨ ਤੇ ਪਿਛਲੇ ਗੇੜ ਮੁਕਾਬਲੇ ਵਧੀਆ ਖੇਡੇ। ਉਨ੍ਹਾਂ ਕਿਹਾ ਕਿ ਉਹ ਇਕ ਚੰਗੇ ਖਿਡਾਰੀ ਖ਼ਿਲਾਫ਼ ਖੇਡ ਰਹੇ ਸਨ। ਬਾਸਿਲਾਸ਼ਵਿਲੀ ਲੈਅ ਵਿਚ ਸੀ ਤੇ ਸਿਖ਼ਰਲੇ 20 ਖਿਡਾਰੀਆਂ ਵਿਚ ਸ਼ਾਮਲ ਹੈ।