ਮੁੱਕੇਬਾਜ਼ੀ: ਕਵਿੰਦਰ ਨੂੰ ਸੋਨ ਤਗ਼ਮਾ, ਥਾਪਾ ਤੇ ਤਿੰਨ ਹੋਰਾਂ ਨੇ ਖੱਟੀ ਚਾਂਦੀ

ਕਵਿੰਦਰ ਸਿੰਘ ਬਿਸ਼ਟ (56 ਕਿਲੋਗ੍ਰਾਮ) ਨੇ ਸੋਨ ਤਗ਼ਮਾ ਜਦਕਿ ਸ਼ਿਵ ਥਾਪਾ ਤੇ ਤਿੰਨ ਹੋਰਨਾਂ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਫਿਨਲੈਂਡ ਦੇ ਹੇਲਿੰਸਕੀ ਵਿਚ 38ਵੇਂ ਜੀਬੀ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਭਾਰਤੀ ਮੁਹਿੰਮ ਦਾ ਸ਼ਾਨਦਾਰ ਤਰੀਕੇ ਨਾਲ ਅੰਤ ਕੀਤਾ ਹੈ। ਤਿੰਨ ਵਾਰ ਦੇ ਏਸ਼ਿਆਈ ਤਗ਼ਮਾ ਜੇਤੂ ਥਾਪਾ (60 ਕਿਲੋਗ੍ਰਾਮ) ਤੋਂ ਇਲਾਵਾ ਗੋਵਿੰਦ ਸਾਹਨੀ (49 ਕਿਲੋਗ੍ਰਾਮ), ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਗ਼ਮਾ ਜੇਤੂ ਮੁਹੰਮਦ ਹਸਮੂਦੀਨ (56 ਕਿਲੋਗ੍ਰਾਮ) ਤੇ ਦਿਨੇਸ਼ ਡਾਗਰ (69 ਕਿਲੋਗ੍ਰਾਮ) ਨੇ ਚਾਂਦੀ ਦੇ ਤਗ਼ਮੇ ਆਪਣੇ ਨਾਂ ਕੀਤੇ ਹਨ। ਭਾਰਤੀਆਂ ਵਿਚਾਲੇ ਹੋਏ 56 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਬਿਸ਼ਟ ਤੇ ਹਸਮੂਦੀਨ ਆਹਮੋ-ਸਾਹਮਣੇ ਸਨ। ਸ਼ਿਵ ਥਾਪਾ ਤੇ ਮੁਹੰਮਦ ਹੁਸਾਮੂਦੀਨ ਸਣੇ ਭਾਰਤ ਦੇ ਛੇ ਮੁੱਕੇਬਾਜ਼ਾਂ ਨੇ ਫਿਨਲੈਂਡ ਦੇ ਹੇਲਿੰਸਕੀ ਵਿਚ ਚੱਲ ਰਹੇ 38ਵੇਂ ਜੀਬੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ। ਤਿੰਨ ਵਾਰ ਦੇ ਏਸ਼ਿਆਈ ਚੈਂਪੀਅਨ ਥਾਪਾ (60 ਕਿਲੋਗ੍ਰਾਮ) ਨੇ ਰੂਸ ਦੇ ਮਿਖ਼ਾਈਲ ਵਰਲਾਮੋਵ ਨੂੰ ਇਕਪਾਸੜ ਮੁਕਾਬਲੇ ਵਿਚ 5-0 ਨਾਲ ਹਰਾਇਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿਚ ਸਾਬਕਾ ਕਾਂਸੀ ਦਾ ਤਗ਼ਮਾ ਜੇਤੂ ਅਸਾਮ ਦੇ ਸ਼ਿਵ ਥਾਪਾ ਦਾ ਮੁਕਾਬਲਾ ਸਥਾਨਕ ਦਾਅਵੇਦਾਰ ਅਰਸਲਾਨ ਖਾਤੇਵ ਨਾਲ ਹੋਇਆ। ਸੁਮਿਤ ਸਾਂਗਵਾਨ (91 ਕਿਲੋਗ੍ਰਾਮ) ਤੇ ਸਾਬਕਾ ਵਿਸ਼ਵ ਚੈਂਪੀਅਨ ਸਚਿਨ ਸਿਵਾਚ (52 ਕਿਲੋਗ੍ਰਾਮ) ਨੂੰ ਹਾਲਾਂਕਿ ਸੈਮੀਫਾਈਨਲ ਵਿਚ ਹਾਰ ਦੇ ਨਾਲ ਕਾਂਸੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਹੈ।ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਗ਼ਮਾ ਜੇਤੂ ਹੁਸਾਮੂਦੀਨ ਨੇ ਕਰੀਬੀ ਮੁਕਾਬਲੇ ਵਿਚ ਕਜ਼ਾਖ਼ਸਤਾਨ ਦੇ ਝਾਨਬੋਲਾਤ ਕਿਦਿਰਬਾਯੇਵ ਨੂੰ 3-2 ਨਾਲ ਹਰਾਇਆ ਜਦਕਿ ਬਿਸ਼ਟ ਨੇ ਫਰਾਂਸ ਦੇ ਜੌਰਡਨ ਰੌਡਰਿਗਜ਼ ਨੂੰ ਮਾਤ ਦਿੱਤੀ ਸੀ। ਦਿਨੇਸ਼ ਡਾਗਰ (69 ਕਿਲੋ), ਨਵੀਨ ਕੁਮਾਰ (91 ਕਿਗ੍ਰਾ ਤੋਂ ਵੱਧ) ਤੇ ਨੌਜਵਾਨ ਗੋਵਿੰਦ ਸਾਹਨੀ (49 ਕਿਲੋਗ੍ਰਾਮ) ਵੀ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਰਹੇ ਸਨ। ਡਾਗਰ ਨੇ ਰੂਸ ਦੇ ਸਰਜੇਈ ਸੋਬਿਲਿੰਸਕੀ ਨੂੰ 4-1 ਨਾਲ ਹਰਾਇਆ ਸੀ ਤੇ ਉਹ ਫਾਈਨਲ ਵਿਚ ਇੰਗਲੈਂਡ ਦੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਪੈਟ ਮੈਕੌਰਮੈਕ ਨਾਲ ਭਿੜੇ। ਮੈਕੌਰਮੈਕ ਦੋ ਵਾਰ ਦੇ ਯੂਰੋਪ ਦੇ ਚਾਂਦੀ ਦਾ ਤਗ਼ਮਾ ਜੇਤੂ ਵੀ ਹਨ। ਨਵੀਨ ਨੇ ਵੀ ਆਸਟਰੇਲੀਆ ਦੇ ਜਸਟਿਨ ਹੁਨੀ ਖ਼ਿਲਾਫ਼ 4-1 ਨਾਲ ਜਿੱਤ ਦਰਜ ਕੀਤੀ ਸੀ। ਉਹ ਸੋਨ ਤਗ਼ਮੇ ਲਈ ਮੁਕਾਬਲੇ ਵਿਚ ਇੰਗਲੈਂਡ ਦੇ ਫਰੇਜ਼ਰ ਕਲਾਰਕ ਖ਼ਿਲਾਫ਼ ਉਤਰੇ। ਸਾਹਨੀ ਨੇ ਇਕਪਾਸੜ ਮੁਕਾਬਲੇ ਵਿਚ ਰੂਸ ਦੇ ਮੁੱਕੇਬਾਜ਼ ਨੂੰ 5-0 ਨਾਲ ਮਾਤ ਦਿੱਤੀ।

Previous articleਸਮ੍ਰਿਤੀ ਮੰਧਾਨਾ ਨੇ ਹਾਸਲ ਕੀਤੀ ਟੀ-20 ਦੀ ਸਰਵੋਤਮ ਦਰਜਾਬੰਦੀ
Next articleਏਟੀਪੀ ਮਾਸਟਰਜ਼: ਪ੍ਰਜਨੇਸ਼ ਤੀਜੇ ਗੇੜ ’ਚ ਦਾਖ਼ਲ