ਸਿਓਲ (ਸਮਾਜ ਵੀਕਲੀ): ਉੱਤਰੀ ਕੋਰੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ। ਉੱਤਰੀ ਕੋਰੀਆ ਦਾ ਇਹ ਕਦਮ ਅਮਰੀਕਾ ਨਾਲ ਕੂਟਨੀਤਕ ਗੱਲਬਾਤ ਵਿੱਚ ਆਈ ਖੜੋਤ ਦੌਰਾਨ ਜੋਅ ਬਾਇਡਨ ਪ੍ਰਸ਼ਾਸਨ ’ਤੇ ਦਬਾਅ ਵਧਾਉਣ ਤੇ ਆਪਣੀਆਂ ਫ਼ੌਜੀ ਯੋਗਤਾਵਾਂ ਨੂੰ ਵਧਾਉਣ ਵਾਲਾ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਦੇ ਸੁਗਾ ਨੇ ਕਿਹਾ ਕਿ ਕੋਰੀਆ ਦਾ ਇਹ ਪ੍ਰੀਖਣ ਜਾਪਾਨ ਵਿੱਚ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਹੈ ਤੇ ਟੋਕੀਓ, ਉੱਤਰੀ ਕੋਰੀਆ ਦੀਆਂ ਇਨ੍ਹਾਂ ਗਤੀਵਿਧੀਆਂ ਸਬੰਧੀ ਵਾਸ਼ਿੰਗਟਨ ਤੇ ਸਿਓਲ ਨਾਲ ਸਹਿਯੋਗ ਕਰੇਗਾ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਪੂਰਬੀ ਤੱਟੀ ਖੇਤਰ ਤੋਂ ਸਵੇਰੇ 7.06 ਤੋਂ 7.25 ਵਜੇ ਵਿਚਕਾਰ ਮਿਜ਼ਾਈਲਾਂ ਦਾਗੀਆਂ ਗਈਆਂ। ਅਮਰੀਕੀ-ਹਿੰਦ ਪ੍ਰਸ਼ਾਂਤ ਕਮਾਂਡ ਦੇ ਬੁਲਾਰੇ ਕੈਪਟਨ ਮਾਈਕ ਕਾਫਕਾ ਨੇ ਕਿਹਾ ਕਿ ਅਮਰੀਕੀ ਫ਼ੌਜ ਨੂੰ ਮਿਜ਼ਾਈਲਾਂ ਬਾਰੇ ਪਹਿਲਾਂ ਪਤਾ ਸੀ ਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਸੀ।