ਦੇਹਰਾਦੂਨ/ਨਵੀਂ ਦਿੱਲੀ (ਸਮਾਜ ਵੀਕਲੀ) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ’ਚ ਅੱਜ ਨੰਦਾ ਦੇਵੀ ਗਲੇਸ਼ੀਅਰ ’ਚੋਂ ਬਰਫ਼ ਦੇ ਵੱਡੇ ਤੋਦੇ ਡਿੱਗਣ ਕਰਕੇ ਆਈ ਜਲ-ਪਰਲੋ ਨੇ ਅਲਕਨੰਦਾ ਨਦੀ ਵਿੱਚ ਵੱਡੀ ਤਬਾਹੀ ਮਚਾਈ। ਹਾਲਾਂਕਿ ਹੜ੍ਹ ਦਾ ਪਾਣੀ ਮਗਰੋਂ ਧੌਲੀ ਗੰਗਾ, ਰਿਸ਼ੀ ਗੰਗਾ ਤੇ ਅਲਕਨੰਦਾ ਨਦੀਆਂ ਵਿੱਚ ਵੰਡਿਆ ਗਿਆ। ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਵਾਤਾਵਰਨ ਪੱਖੋਂ ਨਾਜ਼ੁਕ ਹਿਮਾਲਿਆ ਦੀਆਂ ਉਪਰਲੀਆਂ ਟੀਸੀਆਂ ਨੂੰ ਵੱਡਾ ਨੁਕਸਾਨ ਪੁੱਜਾ ਤੇ ਨਦੀ ਕੰਢੇ ਬਣੇ ਘਰ ਤਬਾਹ ਹੋ ਗਏ। ਇਸ ਘਟਨਾ ਕਰਕੇ ਰਿਸ਼ੀ ਗੰਗਾ ਪਣਬਿਜਲੀ ਪ੍ਰਾਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਦੋਂ ਕਿ ਐੱਨਟੀਪੀਸੀ ਤਪੋਵਨ ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਨੂੰ ਵੀ ਨੁਕਸਾਨ ਪੁੱਜਾ।
ਸੁਰੰਗਾਂ ਵਿੱਚ ਪਾਣੀ ਭਰਨ ਨਾਲ ਇਸ ਵਿੱਚ ਕੰਮ ਕਰ ਰਹੇ ਵੱਡੀ ਗਿਣਤੀ ਮਜ਼ਦੂਰ ਫਸ ਗਏ। 100 ਤੋਂ ਵੱਧ ਮਜ਼ਦੂਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਹਾਲ ਦੀ ਘੜੀ ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ 125 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪ੍ਰਾਜੈਕਟ ’ਚ ਲੱਗੇ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਬੇ ਦੇ ਪੁਲੀਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਪਰ ਨਦੀਆਂ ਵਿੱਚ ਇੱਕੋ ਦਮ ਆਏ ਹੜ੍ਹ ਕਰਕੇ ਦੋਵੇਂ ਪਣਬਿਜਲੀ ਪ੍ਰਾਜੈਕਟ ਇਸ ਦੇ ਵਹਾਅ ਵਿੱਚ ਰੁੜ ਗਏ। ਇਹਤਿਆਤ ਵਜੋਂ ਕਈ ਪਿੰਡਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਤੇ ਗੰਭੀਰ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪੲੇ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਰਵੇਂਦਰ ਰਾਵਤ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਇਸ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਉਹ ਇਸ ਹਾਦਸੇ ਤੋਂ ਬੇਹੱਦ ਫ਼ਿਕਰਮੰਦ ਹਨ ਤੇ ਲੋਕਾਂ ਦੀ ਸੁਰੱਖਿਆ ਤੇ ਸਲਾਮਤੀ ਲਈ ਦੁਆ ਕਰਦੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਫੋਨ ’ਤੇ ਵੱਖੋ-ਵੱਖਰੀ ਗੱਲਬਾਤ ਕਰਕੇ ‘ਦੇਵਭੂਮੀ’ ਵਜੋਂ ਮਕਬੂਲ ਇਸ ਸੂਬੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਉੱਤਰਾਖੰਡ ਦੇ ਆਪਣੇ ਹਮਰੁਤਬਾ ਨੂੰ ਫੋਨ ਕਰਕੇ ਸੰਕਟ ਦੀ ਇਸ ਘੜੀ ਵਿੱਚ ਹਮਾਇਤ ਦਾ ਭਰੋਸਾ ਦਿੱਤਾ ਹੈ। ਆਈਟੀਬੀਪੀ ਦੇ ਤਰਜਮਾਨ ਨੇ ਕਿਹਾ ਕਿ ਰੈਨੀ ਪਿੰਡ ਨਜ਼ਦੀਕ ਘੱਟੋ-ਘੱਟ ਤਿੰਨ ਬੰਨ੍ਹ ਟੁੱਟਣ ਨਾਲ ਕੁਝ ਸਰਹੱਦੀ ਚੌਕੀਆਂ ਤੋਂ ਆਵਾਜਾਈ ‘ਮੁਕੰਮਲ ਬੰਦ’ ਕਰ ਦਿੱਤੀ ਗਈ ਹੈ। ਤਰਜਮਾਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਬੰਨ੍ਹ ਬਾਰਡਰ ਰੋਡ ਸੰਗਠਨ (ਬੀਆਰਓ) ਦਾ ਸੀ। ਆਈਟੀਬੀਪੀ ਦੇ ਤਰਜਮਾਨ ਵਿਵੇਕ ਕੁਮਾਰ ਪਾਂਡੇ ਨੇ ਦਿੱਲੀ ਵਿੱਚ ਕਿਹਾ, ‘ਸੌ ਤੋਂ ਵੱਧ ਮਜ਼ਦੂਰ ਬੈਰਾਜ ਵਿੱਚ ਜਦੋਂਕਿ 50 ਤੋਂ ਵੱਧ ਸੁਰੰਗ ਵਿੱਚ ਕੰਮ ਕਰ ਰਹੇ ਸੀ ਅਤੇ ਤਪੋਵਨ ਸਾਈਟ ਦੇ ਇੰਚਾਰਜ ਤੇ ਸਥਾਨਕ ਪ੍ਰਸ਼ਾਸਨ ਮੁਤਾਬਕ ਇਨ੍ਹਾਂ ਸਾਰਿਆਂ ਦੇ ਲਾਪਤਾ ਹੋਣ ਜਾਂ ਫਿਰ ਮਾਰੇ ਜਾਣ ਦਾ ਖ਼ਦਸ਼ਾ ਹੈ।’ ਉਨ੍ਹਾਂ ਕਿਹਾ ਕਿ ਆਈਟੀਬੀਪੀ ਦੇ 250 ਤੋਂ ਵੱਧ ਜਵਾਨ ਰਾਹਤ ਕਾਰਜਾਂ ਵਿੱਚ ਸ਼ਾਮਲ ਹਨ।
ਪੌੜੀ, ਟੀਹਰੀ, ਰੁਦਰਪ੍ਰਯਾਗ, ਹਰਿਦੁਆਰ ਤੇ ਦੇਹਰਾਦੂਨ ਸਮੇਤ ਕਈ ਜ਼ਿਲ੍ਹਿਆਂ, ਜਿਨ੍ਹਾਂ ਦੇ ਇਸ ਘਟਨਾ ਕਰਕੇ ਅਸਰਅੰਦਾਜ਼ ਹੋਣ ਦੇ ਆਸਾਰ ਹਨ, ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਆਈਟੀਬੀਪੀ ਤੇ ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਮੌਕੇ ’ਤੇ ਪੁੱਜ ਗਈਆਂ ਹਨ। ਉਧਰ ਸੂਬਾਈ ਆਫ਼ਤ ਰਿਸਪੌਂਸ ਫੋਰਸ ਦੇ ਡੀਆਈਜੀ ਰਿਧਿਮ ਅਗਰਵਾਲ ਨੇ ਕਿਹਾ ਕਿ ਪਾਵਰ ਪ੍ਰਾਜੈਕਟ ਦੇ ਪ੍ਰਬੰਧਕਾਂ ਦਾ ਪ੍ਰਾਜੈਕਟ ਸਾਈਟ ’ਤੇ ਕੰਮ ਕਰ ਰਹੇ 150 ਦੇ ਕਰੀਬ ਲੋਕਾਂ ਨਾਲ ਸੰਪਰਕ ਟੁੱਟ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਧੌਲੀ ਗੰਗਾ ਨਦੀ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਦੋ ਤੋਂ ਤਿੰਨ ਮੀਟਰ ਵਧ ਗਿਆ ਹੈ। ਇਸ ਦੌਰਾਨ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਸੀਬੀਐੈੱਫਸੀ ਦੇ ਚੇਅਰਪਰਸਨ ਤੇ ਲੇਖਕ ਪ੍ਰਸੂਨ ਜੋਸ਼ੀ, ਅਦਾਕਾਰ ਸੋਨੂ ਸੂਦ, ਦੀਆ ਮਿਰਜ਼ਾ, ਸ਼੍ਰਧਾ ਕਪੂਰ, ਫ਼ਿਲਮਸਾਜ਼ ਅਭਿਸ਼ੇਕ ਕਪੂਰ ਨੇ ਉੱਤਰਾਖੰਡ ਦੇ ਲੋਕਾਂ ਦੀ ਸਲਾਮਤੀ ਲਈ ਪ੍ਰਾਰਥਨਾ ਕੀਤੀ ਹੈ।