ਉੱਡ ਚੱਲਿਆ ਪੰਜਾਬ: ਵਿਦੇਸ਼ ਜਾਣ ਦੇ ਰੁਝਾਨ ’ਚ ਹੋਰ ਤੇਜ਼ੀ

ਪੰਜਾਬ ਵਿਚੋਂ ਪਰਵਾਸ ਕਰਨ ਦੇ ਰੁਝਾਨ ਵਿਚ ਹੋਰ ਵੀ ਤੇਜ਼ੀ ਆ ਗਈ ਹੈ। ਵੀਜ਼ਾ ਐਪਲੀਕੇਸ਼ਨ ਸੈਂਟਰ (ਵੀਐੱਫਐੱਸ ਗਲੋਬਲ) ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਹੋਰ ਸਹੂਲਤਾਂ ਦਿੰਦਿਆਂ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਵੀ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਕੀਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਵੀਐੱਫਐੱਸ ਗਲੋਬਲ ਵੱਲੋਂ ਘਰ ਵਿਚ ਹੀ ਵਿਦੇਸ਼ ਜਾਣ ਵਾਲਿਆਂ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਲੈ ਲਏ ਜਾਂਦੇ ਹਨ ਤੇ ਘਰ ਬੈਠਿਆਂ ਦੇ ਹੀ ਫਾਰਮ ਤੇ ਹੋਰ ਸਾਰੇ ਦਸਤਾਵੇਜ਼ ਵੀ ਚੈੱਕ ਕਰ ਲਏ ਜਾਂਦੇ ਹਨ। ਉੱਤਰੀ ਤੇ ਪੱਛਮੀ ਖਿੱਤਿਆਂ ਦੇ ਮੁਖੀ ਅਮਿਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਭਾਰਤ ਵਿਚ 2001 ’ਚ ਵੀਜ਼ਾ ਐਪਲੀਕੇਸ਼ਨ ਸੈਂਟਰ ਮੁੰਬਈ ਤੋਂ ਸ਼ੁਰੂ ਕੀਤੇ ਸਨ ਤੇ ਇਹ ਕੰਪਨੀ 50 ਦੇਸ਼ਾਂ ਲਈ ਅਰਜ਼ੀਆਂ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਜਿਥੇ ਡੋਰ-ਟੂ-ਡੋਰ ਸਰਵਿਸ ਨੂੰ ਹੁੰਗਾਰਾ ਮਿਲ ਰਿਹਾ ਹੈ ਉਥੇ ਕੰਪਨੀ ਵੱਲੋਂ ਹੈਲਪ ਡੈਸਕ ਵੀ ਸ਼ੁਰੂ ਕੀਤਾ ਗਿਆ ਹੈ। ਪਿਛਲੇ ਸਾਲ ਕੰਪਨੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿਦੇਸ਼ਾਂ ਨੂੰ ਜਾਣ ਵਾਲੀਆਂ ਅਰਜ਼ੀਆਂ ਸਭ ਤੋਂ ਵੱਧ ਪੰਜਾਬ ਵਿਚੋਂ ਆਈਆਂ ਸਨ। ਉਦੋਂ ਇਸ ਵਿਚ ਵਾਧਾ 66 ਫੀਸਦੀ ਦਰਜ ਕੀਤਾ ਗਿਆ ਸੀ, ਜੋ ਕਿ ਸਾਰੇ ਮੁਲਕ ਨਾਲੋਂ ਵੱਧ ਸੀ। ਦੂਜੇ ਨੰਬਰ ’ਤੇ ਗੋਆ 45 ਫੀਸਦੀ ਅਤੇ ਤੀਜੇ ਨੰਬਰ ’ਤੇ ਪੁਡੂਚੇਰੀ 43 ਫੀਸਦੀ ਸੀ। ਹਾਲਾਂਕਿ ਕੰਪਨੀ ਵੱਲੋਂ ਸਾਲ 2019 ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਸਾਲ 2018 ਵਿਚ ਜਲੰਧਰ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਵਿਚ ਰੋਜ਼ਾਨਾ 2000 ਤੋਂ 3000 ਅਰਜ਼ੀਆਂ ਆਉਂਦੀਆਂ ਸਨ। ਇਨ੍ਹਾਂ ਵਿਚ ਸਭ ਤੋਂ ਵੱਧ ਲੋਕ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਜਾਣ ਲਈ ਅਪਲਾਈ ਕਰਦੇ ਹਨ। ਪੰਜਾਬ ਵਿਚ ਸਭ ਤੋਂ ਵੱਧ ਅਰਜ਼ੀਆਂ ਸਟੱਡੀ ਵੀਜ਼ਾ ਦੀਆਂ ਦਰਜ ਕੀਤੀਆਂ ਜਾ ਰਹੀਆਂ ਹਨ। ਇਕ ਅੰਦਾਜ਼ੇ ਮੁਤਾਬਕ ਪੰਜਾਬ ਵਿਚੋਂ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਨੇ ਕਿਹਾ ਕਿ ਪੰਜਾਬ ਵਿਚੋਂ ਜਿੰਨੀ ਤੇਜ਼ੀ ਨਾਲ ਨੌਜਵਾਨ ਪਰਵਾਸ ਕਰ ਰਹੇ ਹਨ, ਉਸ ਨਾਲ ਸੂਬੇ ਲਈ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਜਾਣਾ ਖ਼ਤਰਨਾਕ ਰੁਝਾਨ ਹੈ ਅਤੇ ਇਸ ਨੂੰ ਠੱਲ੍ਹਣ ਲਈ ਸੂਬਾ ਸਰਕਾਰਾਂ ਨੂੰ ਰੁਜ਼ਗਾਰ ਦੀ ਕੋਈ ਠੋਸ ਨੀਤੀ ਬਣਾਉਣੀ ਪਵੇਗੀ।

Previous article85,000 museum artifacts in jeopardy after fire in New York
Next articleTrump’s lawyers begin his defence at Senate trial