(ਸਮਾਜ ਵੀਕਲੀ)- ਗੱਲ ਬਹੁਤ ਪੁਰਾਣੀ ਹੈ। 1950 ਵਿੱਚ ਮੇਰੇ ਪਿਤਾ ਜੀ ਮੈਨੂੰ ਸਰਕਾਰੀ ਸਕੂਲ, ਸੰਗਰੂਰ ਵਿੱਚ ਦਾਖਿਲ ਕਰਾਉਣ ਵਾਸਤੇ ਲੈ ਗਏ ਸਨ। ਕਲਾਸ ਦੇ ਇੰਚਾਰਜ, ਸ੍ਰੀ ਤੀਰਥ ਰਾਮ ਜੀ ਮਾਸਟਰ ਸਾਹਿਬ ਸਨ ਜੋ ਕਿ ਮੇਰੇ ਪਿਤਾ ਜੀ ਦੇ ਬਹੁਤ ਚੰਗੇ ਜਾਣਕਾਰ ਸਨ। ਮੇਰੇ ਪਿਤਾ ਜੀ ਮੈਨੂੰ ਮਾਸਟਰ ਜੀ ਦੇ ਅੱਗੇ ਕਰਦੇ ਹੋਏ ਕਹਿਣ ਲੱਗੇ,,, ਹੁਣ ਤੋਂ ਇਹ ਵੀ ਤੁਹਾਡੇ ਕੋਲੋਂ ਪੜ੍ਹਿਆ ਕਰੇਗਾ। ਮਾਸਟਰ ਜੀ ਨੇ ਕਿਹਾ,,, ਬਹੁਤ ਚੰਗੀ ਗੱਲ ਹੈ,, ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ,,। ਇਸ ਤੋਂ ਬਾਦ ਜਿਵੇਂ ਹੀ ਮੇਰੇ ਪਿਤਾ ਜੀ ਮੈਨੂੰ ਉਹਨਾਂ ਕੋਲ ਛੱਡ ਕੇ ਘਰ ਵਾਪਸ ਜਾਣ ਲੱਗੇ , ਮੈਂ ਭੱਜ ਕੇ ਉਹਨਾਂ ਦਾ ਹੱਥ ਫੜ ਲਿਆ ਅਤੇ ਉਹਨਾਂ ਦੇ ਨਾਲ ਜਾਣ ਦੀ ਜਿੱਦ ਕਰਨ ਲੱਗਿਆ। ਉਸੇ ਵੇਲੇ ਮਾਸਟਰ ਜੀ ਨੇ ਮੇਰੇ ਪਿਤਾ ਜੀ ਦੀ ਮੌਜੂਦਗੀ ਵਿੱਚ ਹੀ ਮੈਨੂੰ ਕਸ ਕੇ ਮੇਰੇ ਮੂੰਹ ਤੇ ਇੱਕ ਚਪੇੜ ਮਾਰੀ। ਲੇਕਿਨ ਮੇਰੇ ਪਿਤਾ ਜੀ ਨੇ ਨਾ ਹੀ ਤਾਂ ਮਾਸਟਰ ਜੀ ਨੂੰ ਰੋਕਿਆ ਅਤੇ ਨਾ ਹੀ ਮੇਰੇ ਨਾਲ ਕੋਈ ਹਮਦਰਦੀ ਦਿਖਾਈ। ਮੈਨੂੰ ਉਸੇ ਵੇਲੇ ਇਹ ਗੱਲ ਸਮਝ ਵਿੱਚ ਆ ਗਈ ਕਿ ਮੈਨੂੰ ਮਾਸਟਰ ਜੀ ਦੀ ਕਲਾਸ ਵਿੱਚ ਬੈਠਣਾ ਪਏਗਾ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਮੈਨੂੰ ਉੱਥੇ ਛੱਡ ਕੇ ਘਰ ਵਾਪਸ ਚਲੇ ਗਏ। ਕਹਿਣਾ ਨਾ ਹੋਵੇਗਾ ਕਿ ਉਸ ਤੋਂ ਬਾਅਦ ਮੈਂ ਸਕੂਲ ਵਿੱਚ ਰੋਜ਼ਾਨਾ ਬਦਸਤੂਰ ਸਮੇਂ ਸਿਰ ਪਹੁੰਚਦਾ ਰਿਹਾ ਅਤੇ ਅੱਗੇ ਦੀਆਂ ਕਲਾਸਾਂ ਦੇ ਇਮਤਿਹਾਨਾਂ ਵਿੱਚ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਰਿਹਾ।
ਬਾਅਦ ਵਿੱਚ ਜਦੋਂ ਮੈਂ ਕਾਲਜ ਵਿੱਚ ਪ੍ਰੋਫੈਸਰ ਬਣ ਗਿਆ ਤਾਂ ਮੈਂ ਆਪਣੇ ਪਹਿਲੀ ਕਲਾਸ ਦੇ ਮਾਸਟਰ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗਿਆ ਅਤੇ ਉਹਨਾਂ ਦੇ ਪੈਰਾਂ ਨੂੰ ਮੱਥਾ ਟੇਕਿਆ। ਉਹਨਾਂ ਨੇ ਮੈਨੂੰ ਪਿਆਰ ਨਾਲ ਆਪਣੇ ਗਲ ਨਾਲ ਲਗਾ ਲਿਆ ਅਤੇ ਕਹਿਣ ਲੱਗੇ,,,, ਨਹੀਂ ਨਹੀਂ, ਹੁਣ ਤੁਸੀਂ ਮੇਰੇ ਤੋਂ ਵੀ ਵੱਡੇ ਆਦਮੀ ਬਣ ਗਏ ਹੋ। ਇਹ ਸੁਣ ਕੇ ਮੈਂ ਉਹਨਾਂ ਨੂੰ ਜਵਾਬ ਦਿੱਤਾ,,, ਜੇ ਤੁਸੀਂ ਪਹਿਲੇ ਦਿਨ ਮੈਨੂੰ ਕਸ ਕੇ ਥੱਪੜ ਨਾ ਮਾਰਦੇ ਤਾਂ ਮੈਂ ਪੜ੍ਹ ਕੇ ਕਦੇ ਵੀ ਇਸ ਮੁਕਾਮ ਤੇ ਨਾ ਪਹੁੰਚ ਸਕਦਾ। ਤੁਸੀਂ ਮੇਰੇ ਲਈ ਮੇਰੇ ਪਿਤਾ ਸਮਾਨ ਹੋ। ਮੈਨੂੰ ਆਪਣੇ ਮਾਸਟਰ ਜੀ ਦੇ ਸਕੂਲ ਦੇ ਦੇ ਪਹਿਲੇ ਦਿਨ ਦਾ ਥੱਪੜ ਕਦੇ ਨਹੀਂ ਭੁੱਲਦਾ ਜਿਸ ਨੇ ਮੇਰੀ ਤਰੱਕੀ ਦੀ ਨੀਹ ਰੱਖੀ ਸੀ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ)