ਮੌਂਟੇਵੀਡੀਓ (ਸਮਾਜਵੀਕਲੀ) – ਯੂਰੁਗਵੇ ’ਚ ਇਕ ਕਰੂਜ਼ ਸਮੁੰਦਰੀ ਜਹਾਜ਼ ਵਿਚ ਫ਼ਸੇ ਸੌ ਤੋਂ ਵੱਧ ਆਸਟਰੇਲਿਆਈ ਤੇ ਨਿਊਜ਼ੀਲੈਂਡ ਦੇ ਨਾਗਰਿਕ ਚਾਰਟਰਡ ਹਵਾਈ ਜਹਾਜ਼ ਰਾਹੀਂ ਆਪੋ-ਆਪਣੇ ਮੁਲਕ ਲਈ ਰਵਾਨਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਜਹਾਜ਼ ਵਿਚ ਕਰੋਨਾਵਾਇਰਸ ਤੋਂ ਪੀੜਤ ਮਰੀਜ਼ ਮਿਲੇ ਸਨ ਤੇ ਸਵਾਰ ਮੁਸਾਫ਼ਰਾਂ ਨੂੰ ਦੋ ਹਫ਼ਤੇ ਲਈ ਜਹਾਜ਼ ਵਿਚ ਹੀ ਰੋਕਿਆ ਗਿਆ ਸੀ।
ਗ੍ਰੈਗ ਮੌਰਟਾਈਮਰ ਲਾਈਨਰ ਜਹਾਜ਼ ਵਿਚ ਸਵਾਰ 217 ਜਣਿਆਂ ਵਿਚੋਂ 128 ਨੂੰ ਕਰੋਨਾਵਾਇਰਸ ਹੈ। ਇਨ੍ਹਾਂ ਯਾਤਰੀਆਂ ਨੂੰ ਮੁਲਕ ਵਾਪਸ ਲਿਆਉਣ ਲਈ ਉਰੂਗਵੇ ਤੇ ਆਸਟਰੇਲੀਆ ਸਰਕਾਰ ਵਿਚਾਲੇ ਸਮਝੌਤਾ ਹੋਇਆ ਸੀ। ਇਸ ਲਈ ਸਮੁੰਦਰੀ ਜਹਾਜ਼ ਤੋਂ ਹਵਾਈ ਅੱਡੇ ਤੱਕ ਇਕ ‘ਸੈਨੇਟਰੀ ਕੌਰੀਡੋਰ’ ਬਣਾਇਆ ਗਿਆ ਤੇ ਬਜ਼ੁਰਗ ਯਾਤਰੀਆਂ ਨੂੰ ਮੈਲਬਰਨ ਲਈ ਰਵਾਨਾ ਕੀਤਾ ਗਿਆ।
ਇਨ੍ਹਾਂ ਨੂੰ ਮੈਡੀਕਲ ਸਹੂਲਤਾਂ ਨਾਲ ਲੈਸ ਏਅਰਬੱਸ ਏ350 ਰਾਹੀਂ ਲਿਜਾਇਆ ਗਿਆ ਹੈ। ਆਸਟਰੇਲੀਆ ਸਰਕਾਰ ਨੇ ਉਰੂਗਵੇ ਦਾ ਧੰਨਵਾਦ ਕੀਤਾ ਹੈ। ਆਸਟਰੇਲਿਆਈ ਵਿਦੇਸ਼ ਮੰਤਰਾਲੇ ਨੇ ਯੂਰੁਗਵੇ ਦੇ ਸਿਹਤ, ਐਮਰਜੈਂਸੀ ਤੇ ਹੋਰ ਵਰਕਰਾਂ ਦਾ ਵੀ ਧੰਨਵਾਦ ਕੀਤਾ। ਟੈਲੀਵਿਜ਼ਨ ’ਤੇ ਖ਼ੁਸ਼ੀ ਵਿਚ ਖੀਵੇ ਯਾਤਰੀ ਜਹਾਜ਼ ਵਿਚ ਸਵਾਰ ਹੁੰਦੇ ਨਜ਼ਰ ਆ ਰਹੇ ਹਨ, ਇਕ ਹਵਾਈ ਪੱਟੜੀ ਨੂੰ ਚੁੰਮ ਰਿਹਾ ਹੈ। ਉਰੂਗਵੇ ਦੇ ਵਿਦੇਸ਼ ਮੰਤਰੀ ਅਰਨੈਸਟੋ ਤਲਵੀ ਨੇ ਟਵੀਟ ਕੀਤਾ ‘ਸਾਡੇ ਲਈ ਇਹ ਵਿਸ਼ਵ ਕੱਪ ਜਿੱਤਣ ਵਰਗਾ ਹੈ।’
110 ਯਾਤਰੀਆਂ ਨੂੰ ਚਾਰ ਬੱਸਾਂ ਰਾਹੀਂ ਹਵਾਈ ਅੱਡੇ ਤੱਕ ਲਿਜਾਇਆ ਗਿਆ। ਪੁਲੀਸ ਦੀਆਂ ਗੱਡੀਆਂ ਸਾਇਰਨ ਵਜਾਉਂਦੀਆਂ ਹਵਾਈ ਅੱਡੇ ਤੱਕ ਨਾਲ ਗਈਆਂ। ਉਰੂਗਵੇ ਵਾਸੀਆਂ ਨੇ ਬਾਲਕੋਨੀ ਵਿਚ ਖੜ੍ਹ ਕੇ ਮੁਲਕ ਦੇ ਝੰਡੇ ਲਹਿਰਾਏ। ਜਹਾਜ਼ ਵਿਚ ਨੈਗੇਟਿਵ ਪਾਏ ਗਏ ਯਾਤਰੀਆਂ ਦੇ ਨਾਲ-ਨਾਲ ਪੀੜਤ ਵਿਅਕਤੀ ਵੀ ਸਵਾਰ ਸਨ। ਇਹ ਸਾਰੇ ਯਾਤਰੀ ਅੰਟਾਰਟਿਕਾ ਦੀ ਯਾਤਰਾ ’ਤੇ ਨਿਕਲੇ ਸਨ। ਇਨ੍ਹਾਂ ਦੱਖਣੀ ਜਾਰਜੀਆ ਤੇ ਐਲੀਫੈਂਟ ਆਈਲੈਂਡ ਵੀ ਜਾਣਾ ਸੀ। ਪਰ 20 ਮਾਰਚ ਨੂੰ ਦੌਰਾ ਰੱਦ ਹੋ ਗਿਆ ਤੇ ਜਹਾਜ਼ ਉਰੂਗਵੇ ਦੇ ਤੱਟ ’ਤੇ ਖੜ੍ਹਾ ਕਰ ਦਿੱਤਾ ਗਿਆ।