ਉਮੀਦਾਂ ਦਾ ਭਾਰ

(ਸਮਾਜ ਵੀਕਲੀ)

ਰਾਤ ਦੇ ਕਰੀਬ ਅੱਠ ਵੱਜਣ ਵਾਲੇ ਸਨ । ਪੰਮੀ ਵਾਰ ਵਾਰ ਗਲੀ ਦੇ ਗੇੜੇ ਮਾਰ ਰਹੀ ਸੀ, ਜਿਵੇਂ ਕਿਸੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੋਵੇ । ਜੱਗਾ ਦੁਪਹਿਰ ਗਿਆਰਾਂ ਵਜੇ ਦਾ ਆਪਣੇ ਪਿਉ ਨਾਲ ਲੜ ਕੇ ਘਰੋਂ ਨਿਕਲਿਆ ਹੋਇਆ ਸੀ। ਪਹਿਲਾਂ ਤਾਂ ਪੰਮੀ ਨੂੰ ਲੱਗ ਰਿਹਾ ਸੀ ਕਿ ਜਦ ਸ਼ਾਮ ਨੂੰ ਜੱਗੇ ਦਾ ਗੁੱਸਾ ਠੰਡਾ ਹੋਵੇਗਾ ਤਾਂ ਉਹ ਆਪਣੇ ਆਪ ਹੀ ਘਰ ਆ ਜਾਵੇਗਾ । ਪਰ ਜਿਵੇਂ ਜਿਵੇਂ ਰਾਤ ਪੈ ਰਹੀ ਸੀ ਪੰਮੀ ਦਾ ਦਿਲ ਬੈਠਦਾ ਜਾ ਰਿਹਾ ਸੀ ।

ਰਸੋਈ ਦੀ ਬਾਰੀ ਕੋਲ ਬੈਠੀ ਪੰਮੀ ਨੂੰ ਸਡ਼ਕ ਤੇ ਜਾ ਰਹੇ ਸਕੂਟਰ ਕਾਰਾਂ ਦੇ ਹਾਰਨਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਨ੍ਹਾਂ ਆਵਾਜ਼ਾਂ ਨੂੰ ਸੁਣਦੀ ਸੁਣਦੀ ਪੰਮੀ ਕੁਝ ਪੁਰਾਣੇ ਖ਼ਿਆਲਾਂ ਵਿੱਚ ਖੋ ਗਈ । ਜਦ ਉਹ ਪਿੰਡ ਵਾਲੇ ਘਰ ਵਿੱਚ ਇਸੇ ਤਰ੍ਹਾਂ ਬੈਠੀ ਆਪਣੇ ਪਤੀ ਗੁਰਦੇਵ ਦੀ ਉਡੀਕ ਕਰ ਰਹੀ ਸੀ ਅਤੇ ਘਰ ਕੋਲੋਂ ਰੇਲਵੇ ਪਟੜੀ ਲੰਘਦੀ ਹੋਣ ਕਾਰਨ ਉਸ ਨੂੰ ਜਾ ਰਹੀ ਟਰੇਨ ਦੇ ਹਾਰਨ ਦੀਆਂ ਆਵਾਜ਼ ਆ ਰਹੀਆਂ ਸਨ । ਗੁਰਦੇਵ ਅਕਸਰ ਹੀ ਸ਼ਰਾਬ ਪੀ ਕੇ ਘਰ ਵੜਦਾ ਹੁੰਦਾ ਸੀ ।

ਜਦ ਪੰਮੀ ਗੁਰਦੇਵ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਦੀ ਤਾਂ ਉਹ ਉਸ ਨਾਲ ਲੜਾਈ ਝਗੜਾ ਕਰਦਾ । ਗੁਰੂਦੇਵ ਨੇ ਆਪਣੀ ਇਸ ਸ਼ਰਾਬ ਪੀਣ ਦੀ ਮਾੜੀ ਆਦਤ ਕਾਰਨ ਆਪਣੀ ਕਾਫੀ ਜ਼ਮੀਨ ਵੀ ਗਵਾ ਲਈ ਸੀ । ਪੰਮੀ ਦੇ ਪੇਕੇ ਕੁਝ ਜ਼ਿਆਦਾ ਤਗੜੇ ਨਹੀਂ ਸੀ , ਪਰ ਜੇਕਰ ਉਹ ਤਗੜੇ ਹੁੰਦੇ ਤਾਂ ਵੀ ਸ਼ਾਇਦ ਪੰਮੀ ਗੁਰਦੇਵ ਨੂੰ ਛੱਡ ਕੇ ਜਾਣ ਦੀ ਕਦੀ ਗੱਲ ਸੋਚ ਵੀ ਨਹੀਂ ਸਕਦੀ ਸੀ । ਉਸ ਨੂੰ ਹਰ ਸਮੇਂ ਹੀ ਲੱਗਦਾ ਰਹਿੰਦਾ ਸੀ ਕਿ ਇਕ ਦਿਨ ਆਵੇਗਾ ਜਦ ਉਸਦੀ ਜ਼ਿੰਦਗੀ ਵੀ ਖੁਸ਼ਹਾਲ ਹੋਵੇਗੀ ।

ਇਸੇ ਉਮੀਦ ਵਿੱਚ ਉਹ ਆਪਣੇ ਲੜਕੇ ਜੱਗੇ ਨੂੰ ਵੱਢਿਆ ਹੁੰਦਾ ਵੇਖ ਰਹੀ ਸੀ । ਹੁਣ ਤਾਂ ਗੁਰਦੇਵ ਘਰ ਵੀ ਸਾਰਾ ਸਾਰਾ ਦਿਨ ਸ਼ਰਾਬ ਪੀ ਕੇ ਪਿਆ ਰਹਿੰਦਾ ਸੀ। ਗੁਰਦੇਵ ਨੂੰ ਨਾ ਘਰ ਬਾਰ ਦੀ ਕੋਈ ਫ਼ਿਕਰ ਸੀ ਅਤੇ ਨਾ ਹੀ ਖੇਤੀਬਾੜੀ ਦੀ। ਗੁਰਦੇਵ ਦੀ ਜ਼ਮੀਨ ਵੀ ਪੰਮੀ ਦੇ ਭਰਾ ਹੀ ਵਾਹ ਕੇ ਜਾਂਦੇ ਹੁੰਦੇ ਸਨ । ਗੁਰਦੇਵ ਦੀਆਂ ਮਾੜੀਆਂ ਆਦਤਾਂ ਕਾਰਨ ਪੰਮੀ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਚੁੱਕ ਲਈ ਸੀ।

ਪੰਮੀ ਨੂੰ ਅਕਸਰ ਹੀ ਅਜਿਹੀਆਂ ਖ਼ਬਰਾਂ ਮਿਲਦੀਆਂ ਸਨ ਕਿ ਗੁਰਦੇਵ ਨੇ ਕਿਸੇ ਕੋਲੋਂ ਸ਼ਰਾਬ ਪੀਣ ਲਈ ਪੈਸੇ ਫੜ ਲਏ ਹਨ ਜਿਸ ਕਾਰਨ ਪੰਮੀ ਨੇ ਆੜ੍ਹਤੀਏ ਨੂੰ ਵੀ ਗੁਰਦੇਵ ਨੂੰ ਪੈਸੇ ਦੇਣ ਤੋਂ ਸਾਫ ਮਨ੍ਹਾ ਕੀਤਾ ਹੋਇਆ ਸੀ । ਫਿਰ ਵੀ ਗੁਰਦੇਵ ਕਿਸੇ ਨਾ ਕਿਸੇ ਬਹਾਨੇ ਸ਼ਰਾਬ ਜੋਗੇ ਪੈਸੇ ਕਿਸੇ ਨਾ ਕਿਸੇ ਤੋਂ ਫੜ ਹੀ ਲਿਆਂਦਾ ਸੀ । ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਜਾ ਰਿਹਾ ਸੀ । ਪੰਮੀ ਦਾ ਮੁੰਡਾ ਜੱਗਾ ਵੀ ਦਿਨੋਂ ਦਿਨ ਜਵਾਨ ਹੁੰਦਾ ਜਾ ਰਿਹਾ ਸੀ । ਜੱਗਾ ਹੀ ਪੰਮੀ ਦੀ ਉਮੀਦ ਸੀ ਜਿਸ ਦੇ ਸਹਾਰੇ ਉਹ ਗੁਰਦੇਵ ਨਾਲ ਆਪਣੀ ਜ਼ਿੰਦਗੀ ਕੱਟ ਰਹੀ ਸੀ ।

ਜੱਗਾ ਹੁਣ ਥੋੜ੍ਹਾ ਥੋੜ੍ਹਾ ਖੇਤੀ ਦਾ ਕੰਮ ਵੀ ਸੰਭਾਲਣ ਲੱਗ ਗਿਆ ਸੀ । ਜੱਗੇ ਦਾ ਇੱਕ ਬਹੁਤ ਹੀ ਜਿਗਰੀ ਯਾਰ ਸੀ ਮੀਤਾ । ਜੱਗਾ ਅਤੇ ਮੀਤਾ ਅਕਸਰ ਹੀ ਇਕੱਠੇ ਰਹਿੰਦੇ ਸਨ । ਪੜ੍ਹਾਈ ਵਿੱਚ ਜ਼ਿਆਦਾ ਮਨ ਨਾ ਲੱਗਣ ਕਰਕੇ ਦੋਨਾਂ ਨੇ ਹੀ ਬਾਰ੍ਹਵੀਂ ਜਮਾਤ ਤੋਂ ਬਾਅਦ ਅੱਗੇ ਪੜ੍ਹਾਈ ਨਾ ਕਰਨ ਦਾ ਫ਼ੈਸਲਾ ਵੀ ਇਕੱਠਿਆਂ ਹੀ ਕੀਤਾ ਸੀ । ਪੰਮੀ ਚਾਹੁੰਦੀ ਸੀ ਕਿ ਖੇਤੀਬਾਡ਼ੀ ਅਤੇ ਜ਼ਮੀਨ ਜਾਇਦਾਦ ਦਾ ਕੰਮ ਹੁਣ ਜੱਗਾ ਸੰਭਾਲ ਲਵੇ ਅਤੇ ਜੱਗੇ ਨੇ ਵੀ ਉਸਦੇ ਕਹੀਆਂ ਗੱਲਾਂ ਉੱਤੇ ਫੁੱਲ ਚੜ੍ਹਾਏ ਸਨ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਜੱਗੇ ਨੇ ਆਪਣੇ ਸਿਰ ਲੈ ਲਈ ਸੀ ।

ਪਿਛਲੇ ਕੁਝ ਦਿਨਾਂ ਤੋਂ ਜੱਗਾ ਘਰ ਕਾਫ਼ੀ ਲੇਟ ਆ ਰਿਹਾ ਸੀ ਅਤੇ ਆਉਂਦਿਆਂ ਹੀ ਆਪਣੇ ਕਮਰੇ ਵਿੱਚ ਵੜ ਜਾਂਦਾ ਸੀ । ਪੰਮੀ ਨੂੰ ਉਨ੍ਹਾਂ ਦੇ ਸੀਰੀ ਤੋਂ ਪਤਾ ਲੱਗਾ ਸੀ ਕਿ ਜੱਗਾ ਪਿਛਲੇ ਕੁਝ ਦਿਨਾਂ ਤੋਂ ਖੇਤ ਵੀ ਨਹੀਂ ਆਇਆ ਸੀ । ਪੰਮੀ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੀਤਾ ਜੱਗੇ ਨੂੰ ਵਿਗਾੜ ਰਿਹਾ ਹੈ ਅਤੇ ਉਸ ਨੂੰ ਖੇਤ ਕੰਮ ਕਰਨ ਜਾਂਣ ਨਹੀਂ ਦਿੰਦਾ । ਜਦ ਪੰਮੀ ਨੇ ਕਿਸੇ ਤੋਂ ਮੀਤੇ ਦਾ ਨੰਬਰ ਲੈ ਕੇ ਉਸ ਨੂੰ ਫੋਨ ਕੀਤਾ ਤਾਂ ਜੋ ਮੀਤੇ ਨੇ ਕਿਹਾ ਉਹ ਸੁਣ ਕੇ ਪੰਮੀ ਦੇ ਹੋਸ਼ ਉੱਡ ਗਏ , ਜੱਗਾ ਕਾਫੀ ਦਿਨ ਤੋਂ ਮੀਤੇ ਨੂੰ ਵੀ ਨਹੀਂ ਮਿਲਿਆ ਸੀ ਅਤੇ ਮੀਤੇ ਦੇ ਕਹਿਣ ਮੁਤਾਬਕ ਸ਼ਾਇਦ ਪਿਛਲੇ ਦਿਨੀਂ ਕੁਝ ਗ਼ਲਤ ਮੁੰਡਿਆਂ ਦੇ ਸੰਗ ਵਿੱਚ ਪੈ ਗਿਆ ਸੀ ।

ਮੰਮੀ ਦਾ ਦਿਲ ਬਹੁਤ ਡਰ ਗਿਆ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਅਤੇ ਇਸ ਗੱਲ ਦਾ ਪਤਾ ਕਿੱਦਾਂ ਲਗਾਵੇ । ਪੰਮੀ ਨੇ ਆਪਣੇ ਭਰਾਵਾਂ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਕੁਝ ਦਿਨ ਜੱਗੇ ਦਾ ਚੋਰੀ ਪਿੱਛਾ ਕਰਨ ਲਈ ਕਿਹਾ । ਆਖਿਰ ਗੱਲ ਉਹੀ ਨਿਕਲੀ ਜਿਸ ਦਾ ਡਰ ਸੀ ਜੱਗਾ ਆਪਣੇ ਕੁਝ ਗਲਤ ਦੋਸਤਾਂ ਨਾਲ ਮਿਲ ਕੇ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ । ਜਦ ਪੰਮੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ । ਉਸ ਨੇ ਸਾਰੀ ਉਮਰ ਆਪਣੇ ਸ਼ਰਾਬੀ ਪਤੀ ਨਾਲ ਜਿਸ ਉਮੀਦ ਨਾਲ ਕੱਟੀ ਸੀ ਕਿ ਉਸ ਦਾ ਪੁੱਤਰ ਵੱਡਾ ਹੋ ਕੇ ਉਸ ਨੂੰ ਸੁੱਖ ਦੇ ਕੁਝ ਪਲ ਦਵੇਗਾ। ਉਸ ਦੀ ਇਹ ਉਮੀਦ ਵੀ ਉਸਨੂੰ ਟੁੱਟਦੀ ਜਾਪਦੀ ਸੀ ।

ਪੰਮੀ ਨੇ ਜੱਗੇ ਨੂੰ ਇਸ ਮਾੜੀ ਆਦਤ ਛੁਡਾਉਣ ਲਈ ਕਾਫੀ ਯਤਨ ਕੀਤੇ । ਰਿਸ਼ਤੇਦਾਰਾਂ ਨੂੰ ਇਕੱਠੇ ਕਰ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਇੱਕ ਦੋ ਵਾਰ ਨਸ਼ਾ ਛਡਾਊ ਕੇਂਦਰਾਂ ਵੱਲੋਂ ਵੀ ਜੱਗੇ ਨੂੰ ਚੁਕਵਾਇਆ । ਪਰ ਪੰਮੀ ਦੀਆਂ ਸਾਰੀਆਂ ਕੋਸ਼ਿਸ਼ਾਂ ਜਿਵੇਂ ਨਾਕਾਮ ਜਾ ਰਹੀਆਂ ਸਨ । ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦਾ ਰੱਬ ਉਸ ਤੋਂ ਰੁੱਸ ਗਿਆ ਹੋਵੇ ।

ਇੱਕੋ ਦਮ ਗੇਟ ਦਾ ਖੜਾਕਾ ਹੋਇਆ ਤਾਂ ਸੋਚਾਂ ਵਿਚ ਪਈ ਪੰਮੀ ਇੱਕ ਲੰਮੇ ਸਫ਼ਰ ਤੋਂ ਹੋ ਕੇ ਜਿਵੇਂ ਵਾਪਸ ਮੁੜੀ ਹੋਵੇ । ਗੇਟ ਤੇ ਜੱਗੇ ਨੂੰ ਆਪਣੇ ਮੋਢੇ ਦਾ ਸਹਾਰਾ ਦੇ ਕੇ ਲੈ ਆ ਰਿਹਾ ਉਸ ਦਾ ਦੋਸਤ ਮੀਤਾ ਸੀ । ਜਿਸ ਨੇ ਦੱਸਿਆ ਕਿ ਜੱਗਾ ਉਸ ਦੇ ਘਰ ਦੇ ਨਜ਼ਦੀਕ ਹੀ ਨਸ਼ੇ ਦੀ ਹਾਲਤ ਵਿਚ ਅਚਾਨਕ ਡਿੱਗ ਪਿਆ ਸੀ ਜਿਸ ਨੂੰ ਉਹ ਘਰ ਲੈ ਕੇ ਆਇਆ ਹੈ । ਮੀਤੇ ਨੇ ਜੱਗੇ ਨੂੰ ਉਸ ਦੇ ਕਮਰੇ ਤੱਕ ਪਹੁੰਚਾਇਆ ਅਤੇ ਉਹਨੀ ਪੈਰੀਂ ਵਾਪਸ ਮੁੜ ਗਿਆ । ਹੁਣ ਪੰਮੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਜੱਗੇ ਦੇ ਵਿਗੜਨ ਵਿੱਚ ਮੀਤੇ ਦਾ ਕੋਈ ਹੱਥ ਨਹੀਂ ਸੀ ਉਹ ਤਾਂ ਉਸ ਦਾ ਇਕ ਸੱਚਾ ਦੋਸਤ ਸੀ ਜੋ ਉਸ ਨੂੰ ਸੁਧਾਰਨਾ ਚਾਹੁੰਦਾ ਸੀ ।

ਕੁਝ ਦਿਨ ਬਾਅਦ ਗੁਰਦੇਵ ਦੀ ਭੂਆ ਕਰਮੋ ਉਨ੍ਹਾਂ ਨੂੰ ਮਿਲਣ ਘਰ ਆਈ ਸੀ । ਉਸ ਨੂੰ ਵੀ ਸ਼ਾਇਦ ਕਿਸੇ ਰਿਸ਼ਤੇਦਾਰ ਕੋਲੋਂ ਜੱਗੇ ਦਾ ਇਸ ਮਾੜੀ ਆਦਤ ਵਿੱਚ ਪੈ ਜਾਣ ਬਾਰੇ ਪਤਾ ਲੱਗਾ ਸੀ । ਕਰਮੋ ਗੱਲਾਂ ਗੱਲਾਂ ਵਿੱਚ ਪੰਮੀ ਨੂੰ ਕਹਿਣ ਲੱਗੀ ਕਿ ” ਜੱਗਾ ਜਵਾਨ ਹੋ ਗਿਆ ਹੈ ਤੂੰ ਇਸ ਦਾ ਵਿਆਹ ਕਰਦੇ ਵਿਆਹ ਤੋਂ ਬਾਅਦ ਤਾਂ ਵੱਡੇ ਵੱਡੇ ਸੁਧਰ ਜਾਂਦੇ ਨੇ ਇਹ ਕਿਵੇਂ ਨਾ ਸੁਧਰੁੂ, ਤੂੰ ਵੇਖੀ ਜਦੋਂ ਇਹਦੇ ਤੇ ਪਰਿਵਾਰ ਦਾ ਬੋਝ ਪਿਆ ਤਾਂ ਸਾਰਾ ਨਸ਼ਾ ਪੱਤਾ ਛੱਡ ਦਊਗਾ ” ਕਰਮੂ ਦੀਆਂ ਇਨ੍ਹਾਂ ਗੱਲਾਂ ਨੇ ਇੱਕ ਵਾਰ ਤਾਂ ਪੰਮੀ ਦੇ ਦਿਲ ਵਿੱਚ ਇੱਕ ਨਵੀਂ ਆਸ ਪੈਦਾ ਕੀਤੀ ।

ਕਰਮੋ ਨੇ ਚਾਹ ਪਾਣੀ ਪੀਤਾ ਅਤੇ ਕੁਝ ਦੇਰ ਬਾਅਦ ਪੰਮੀ ਦੇ ਘਰੋਂ ਚਲੀ ਗਈ । ਪੰਮੀ ਜੋ ਕਰਮੋ ਦੀਆਂ ਕਹੀਆਂ ਗੱਲਾਂ ਬਾਰੇ ਸੋਚ ਰਹੀ ਸੀ। ਸੋਚਦੀ – ਸੋਚਦੀ ਆਪਣੇ ਕਮਰੇ ਅੰਦਰ ਆਈ ਹੀ ਸੀ ਕਿ ਉਸ ਦਾ ਧਿਆਨ ਆਪਣੇ ਕਮਰੇ ਵਿੱਚ ਲੱਗੇ ਸ਼ੀਸ਼ੇ ਉਤੇ ਪਿਆ ‘ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਪੰਮੀ ਨੂੰ ਸ਼ੀਸ਼ੇ ਵਿੱਚ ਆਪਣਾ ਆਪ ਨਹੀ ਹੱਥਾਂ ਵਿੱਚ ਚੂੜਾ ਪਾਈ ਇਕ ਨਵ ਵਿਆਹੀ ਲੜਕੀ ਦਿਖਾਈ ਦੇ ਰਹੀ ਸੀ । ਪੰਮੀ ਨੇ ਉਸ ਨੂੰ ਪੁੱਛਿਆ ” ਤੂੰ ਕੌਣ ਹੈ ? ”

ਤਾਂ ਸ਼ੀਸ਼ੇ ਵਿੱਚ ਖੜ੍ਹੀ ਉਹ ਨਵੀਂ ਵਿਆਹੀ ਲੜਕੀ ਕਹਿਣ ਲੱਗੀ ” ਮੈਂ ਉਹੀ ਹਾਂ ਜਿਸ ਨੂੰ ਤੂੰ ਆਪਣੇ ਪੁੱਤਰ ਜੱਗੇ ਨੂੰ ਸੁਧਾਰਨ ਲਈ ਉਸ ਨਾਲ ਵਿਆਹੁਣਾ ਚਾਹੁਨੀ ਹੈ ਮੈਨੂੰ ਨਹੀਂ ਪਤਾ ਕਿ ਜੱਗਾ ਸੁਧਰੇਗਾ ਜਾਂ ਨਹੀਂ ਪਰ ਮੈਨੂੰ ਇੰਨਾ ਪਤਾ ਹੈ ਕਿ ਜਿਨ੍ਹਾਂ ਉਮੀਦਾਂ ਦੇ ਭਾਰ ਹੇਠ ਤੂੰ ਆਪਣੀ ਸਾਰੀ ਉਮਰ ਕੱਟੀ ਹੈ ਪਤਾ ਨਹੀਂ ਮੈਨੂੰ ਉਹ ਉਮੀਦਾਂ ਵੀ ਮਿਲਣਗੀਆਂ ਜਾਂ ਨਹੀਂ , ਸ਼ਾਇਦ ਮੈਂ ਤੇਰਾ ਹੀ ਇੱਕ ਛੋਟਾ ਜਿਹਾ ਰੂਪ ਹਾਂ , ਜਿਸ ਦੀ ਸਾਰੀ ਉਮਰ ਇਕ ਨਸ਼ੇੜੀ ਪਤੀ ਨਾਲ ਗੁਜ਼ਰਨ ਵਾਲੀ ਹੈ । ”

ਇਹ ਗੱਲਾਂ ਸੁਣ ਕੇ ਪੰਮੀ ਜਿਵੇਂ ਬੁੱਤ ਹੀ ਬਣ ਗਈ ਸੀ । ਉਸ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਆਪਣੇ ਨਸ਼ੇੜੀ ਪੁੱਤ ਨੂੰ ਸੁਧਾਰਨ ਲਈ ਉਹ ਕਿਸੇ ਦੀ ਧੀ ਦੀ ਜ਼ਿੰਦਗੀ ਖ਼ਰਾਬ ਨਹੀਂ ਕਰ ਸਕਦੀ । ਅਕਸਰ ਸਾਡੇ ਸਮਾਜ ਵਿੱਚ ਇਹ ਸੋਚਿਆ ਜਾਂਦਾ ਹੈ ਕੀ ਅਗਰ ਕੋਈ ਲੜਕਾ ਨਸ਼ੇ ਕਰਦਾ ਹੈ ਜਾਂ ਮਾੜੀ ਆਦਤਾਂ ਵਿੱਚ ਹੈ ਤਾਂ ਉਸ ਦਾ ਵਿਆਹ ਕਰ ਦਿਓ ਉਹ ਸੁਧਰ ਜਾਵੇਗਾ , ਪਰ ਕੋਈ ਇਹ ਨਹੀਂ ਸੋਚਦਾ ਕਿ ਇਸ ਲਈ ਕਿਸੇ ਲੜਕੀ ਦੀ ਜ਼ਿੰਦਗੀ ਦਾਅ ਤੇ ਲਗਾਈ ਜਾ ਰਹੀ ਹੈ ।

ਅਮਨ ਚੌਹਾਨ
ਫਿਰੋਜ਼ਪੁਰ
ਸੰਪਰਕ 94642 12566

Previous articleਮਿੱਟੀ ਦੇ ਪੁਤ…
Next article5 ਸਤੰਬਰ 2015 ਨੂੰ ਸਟੇਟ ਐਵਾਰਡ ਅਤੇ 5 ਸਤੰਬਰ 2017 ਨੂੰ ਨੈਸ਼ਨਲ ਐਵਾਰਡ ਨੂੰ ਭਾਰਤ ਦੇ ਰਾਸ਼ਟਰਪਤੀ ਤੋ ਪ੍ਰਾਪਤ ਕਰ ਚੁੱਕੇ ਹਨ। ਸਕੂਲ ਅਤੇ ਜਿਲਾਂ ਫਾਜ਼ਿਲਕਾਂ ਲਈ ਐਵਾਰਡ ਪ੍ਰਾਪਤ ਕਰਨਾਂ ਸਰਹੱਦੀ ਜਿਲੇ ਲਈ ਮਾਣ ਵਾਲੀ ਗੱਲ ਹੈ।