ਪਾਕਿਸਤਾਨ ਨੂੰ ਅਸਿੱਧੇ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਭਾਰਤ ਭੜਕਾਹਟ ਦੇ ਬਾਵਜੂਦ ਸੰਜਮ ਵਰਤ ਰਿਹਾ ਹੈ ਪਰ ਜੇਕਰ ਮੁਲਕ ’ਤੇ ਹਮਲਾ ਹੋਇਆ ਤਾਂ ਅਜਿਹਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਕਿ ਉਹ ਇਸ ਨੂੰ ਕਦੇ ਵੀ ਨਹੀਂ ਭੁੱਲੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਅਹੁਦੇ ’ਤੇ ਦੋ ਵਰ੍ਹੇ ਮੁਕੰਮਲ ਹੋਣ ’ਤੇ ਉਨ੍ਹਾਂ ਦੇ 95 ਭਾਸ਼ਨਾਂ ਬਾਰੇ ਕਿਤਾਬ ‘ਲੋਕਤੰਤਰ ਕੇ ਸਵਰ (ਖੰਡ 2)’ ਦੇ ਰਿਲੀਜ਼ ਸਮਾਗਮ ਮੌਕੇ ਉਪ ਰਾਸ਼ਟਰਪਤੀ ਨੇ ਉਕਤ ਟਿੱਪਣੀਆਂ ਕੀਤੀਆਂ। ਕਿਤਾਬ ’ਚੋਂ ਹਵਾਲਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਸ਼ਾਂਤੀ ਅਤੇ ਸਹਿਯੋਗ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ,‘‘ਜੇਕਰ ਤੁਸੀਂ ਭਾਰਤ ਦੇ ਇਤਿਹਾਸ ’ਤੇ ਝਾਤ ਮਾਰਦੇ ਹੋ ਤਾਂ ‘ਵਿਸ਼ਵ ਗੁਰੂ’ ਵਜੋਂ ਜਾਣੇ ਜਾਣ ਅਤੇ ਵਧੀਆ ਜੀਡੀਪੀ ਹੋਣ ਦੇ ਬਾਵਜੂਦ ਉਸ ਨੇ ਕਦੇ ਵੀ ਕਿਸੇ ਮੁਲਕ ’ਤੇ ਪਹਿਲਾਂ ਹਮਲਾ ਨਹੀਂ ਕੀਤਾ।’’ ਸ੍ਰੀ ਨਾਇਡੂ ਨੇ ਕਿਹਾ ਕਿ ਕਈਆਂ ਨੇ ਭਾਰਤ ’ਤੇ ਰਾਜ ਕੀਤਾ, ਬਰਬਾਦ ਕੀਤਾ ਅਤੇ ਧੋਖਾ ਦਿੱਤਾ ਪਰ ਭਾਰਤ ਨੇ ਕਦੇ ਵੀ ਹਮਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਇਕ ਪਰਿਵਾਰ ਵਾਂਗ ਹੈ ਅਤੇ ਸਾਨੂੰ ਕਿਉਂ ਲੜਨਾ ਚਾਹੀਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਿਤਾਬਾਂ ਕਿੰਡਲ ਅਤੇ ਐਪ ਸਟੋਰ ’ਤੇ ਖਰੀਦੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨਾਂ ਨੂੰ ਅੱਠ ਵਰਗਾਂ ’ਚ ਵੰਡਿਆ ਗਿਆ ਹੈ। ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣਾ ਜੀਵਨ ਸਮਾਜਿਕ ਨਿਆਂ ਲਈ ਸਮਰਪਿਤ ਕਰ ਦਿੱਤਾ ਜੋ ਉਨ੍ਹਾਂ ਦੇ ਭਾਸ਼ਨਾਂ ’ਚੋਂ ਦਿਖਾਈ ਦਿੰਦਾ ਹੈ। ਉਨ੍ਹਾਂ ਸ੍ਰੀ ਕੋਵਿੰਦ ਨੂੰ ਲੋਕਾਂ ਦਾ ਰਾਸ਼ਟਰਪਤੀ ਵੀ ਕਰਾਰ ਦਿੱਤਾ।
HOME ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ