ਈਰਾਨੀ ਔਰਤਾਂ ਦਾ ਸੰਘਰਸ਼

(ਸਮਾਜ ਵੀਕਲੀ)

ਈਰਾਨ ‘ਚ 22 ਸਾਲਾ ਮਹਿਲਾ ਮਾਹਸਾ ਅਮੀਨੀ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਛਿੜਿਆ ਹਿਜਾਬ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ।ਰਾਜਧਾਨੀ ਤਹਿਰਾਨ ਸਮੇਤ ਦੇਸ਼ ਦੇ ਕਈ ਹੋਰ ਸ਼ਹਿਰਾਂ ‘ਚ ਔਰਤਾਂ ਅਤੇ ਲੜਕੀਆਂ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਰਹੀਆਂ ਹਨ।ਹਿੰਸਕ ਪ੍ਰਦਰਸ਼ਨ ‘ਚ ਹੁਣ ਤੱਕ 80 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਦ ਕਿ ਐਨਜੀਓ ਵਲੋਂ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਦੱਸੀ ਜਾ ਰਹੀ ਹੈ।ਮਰਨ ਵਾਲਿਆਂ ਵਿੱਚ ਔਰਤਾਂ ‘ਤੇ ਬੱਚੇ ਵੀ ਸ਼ਾਮਲ ਸਨ।ਵੱਡੀ ਗਿਣਤੀ ਵਿੱਚ ਲੋਕਾਂ ਦੇ ਜਖਮੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ।

ਅਮਰੀਕਾ ਅਤੇ ਈਰਨ ਦੀ ਮੋਰਲਟੀ ਪੁਲਿਸ ਅਤੇ ਈਰਾਨ ਦੇ ਖੁਫੀਆ ਮੰਤਰੀ ਤੇ ਔਰਤਾਂ ਵਿਰੁਧ ਹਿੰਸਾ ਅਤੇ ਦੁਰਵਿਵਹਾਰ ਦਾ ਦੋਸ਼ ਲਗਾਉਦੇ ਹੋਏ ਪਾਬੰਧੀਆਂ ਲਗਾਈਆਂ ਗਈ ਹਨ।ਕਨੇਡੀਅਨ ਪ੍ਰਧਾਨ ਮੰਤਰੀ ਜਸਟਿਲ ਟੂਡੋ ਨੇ ਵੀ ਮੋਰਲਟੀ ‘ਤੇ ਪਾਬੰਧੀ ਲਗਾਉਣ ਦੀ ਮੰਗ ਕੀਤੀ ਹੈ।ਜਰਮਨੀ ਨੇ ਈਰਾਨੀ ਰਾਜਦੂਤ ਨੂੰ ਤਲਬ ਕੀਤਾ।ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਸਲ ਨੇ ਵੀ ਈਰਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੀ ਆਲੋਚਨਾ ਕੀਤੀ ਹੈ।ਕੌਸਲ ਦਾ ਦੋਸ਼ ਹੈ ਕਿ ਈਰਾਨ ਸਰਕਾਰ ਆਮੀਨੀ ਦੀ ਮੌਤ ਦੇ ਹਾਲਾਤਾਂ ਦੀ ਪੂਰੀ ਜਾਂਚ ਕਰਨ ਵਿੱਚ ਅਸਫਲ ਰਹੀ ਹੈ।ਦੇਸ਼ ਵਿੱਚ ਤਖਤਾ ਪਲਟਣ ਦਾ ਡਰ ਹੋਰ ਵੀ ਤੇਜ਼ ਹੋ ਗਿਆ ਹੈ।

ਤਖਤਾ ਪਲਟਣ ਦੀ ਗੱਲ ਇਸ ਲਈ ਕੀਤੀ ਜਾ ਰਹੀ ਹੈ ਕਿਉਕਿ ਈਰਾਨੀ ਫੌਜ਼ (ਰਿਵੋਲਿਊਸ਼ਨਰੀ ਗਾਰਡ) ਦੇ ਚੋਟੀ ਦੇ ਕਮਾਂਡਰਾਂ ਨੇ ਛਾਉਣੀ ਵਾਲੇ ਇਲਾਕਿਆਂ ਤੋਂ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਘਰਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈ।ਕੁਲ ਮਿਲਾ ਕੇ ਈਰਾਨ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹੈ,ਕਿਹਾ ਜਾ ਰਿਹਾ ਹੈ ਕਿ ਹਿਜਾਬ ਨੂੰ ਲੈ ਕੇ ਚਲ ਰਿਹਾ ਅੰਦੋਲਨ ਸਾਲ 2019 ‘ਚ ਤੇਲ ਦੀਆਂ ਕੀਮਤਾਂ ਦੇ ਅੰਦੋਲਨ ਤੋਂ ਬਾਅਦ ਦੇਸ਼ ‘ਚ ਸੱਭ ਤੋਂ ਵੱਡਾ ਅੰਦੋਲਨ ਹੈ।ਸਾਲ 2019 ਵਿੱਚ ਜਿਹੜਾ ਅੰਦੋਲਨ ਹੋਇਆ ਸੀ ਉਸ ਵਿੱਚ 1500 ਤੋਂ ਵੱਧ ਲੋਕ ਮਾਰੇ ਗਏ ਸਨ।ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਰਾਸ਼ਟਰਪਤੀ ਇਬਰਾਹਿਮ ਰਾਇਸ਼ੀ ਕੌਮਾਂਤਰੀ ਭਾਈਚਾਰੇ ਦੇ ਵਿਰੋਧ ਅਤੇ ਪਾਬੰਧੀਆਂ ਦੀ ਪਰਵਾਹ ਕੀਤੇ ਬਿੰਨਾਂ ਅੰਦੋਲਨ ਨੂੰ ਤਾਕਤ ਨਾਲ ਦਬਾਉਣ ਦੀ ਨੀਤੀ ‘ਤੇ ਕਿਉਂ ਚੱਲ ਰਹੇ ਹਨ।

ਇਰਾਨ ਵਿੱਚ ਹਿਜਾਬ ਨੂੰ ਲੈ ਕੇ ਕੋਈ ਵਿਵਾਦ ਨਹੀ ਹੈ।ਪਿੱਛਲੇ ਇਕ ਦਹਾਕੇ ਤੋਂ,ਈਰਾਨ ਵਿੱਚ ਹਿਜਾਬ ਦੇ ਵਿਰੋਧ ਦੀਆਂ ਛੋਟੀਆਂ-ਛੋਟੀਆਂ ਰਿਪੋਰਟਾਂ ਆਈਆਂ ਹਨ।ਪਰ ਇਸ ਵਿੱਚ ਪੁਲਿਸ ਹਿਰਾਸਤ ਵਿੱਚ ਅਮੀਨੀ ਦੀ ਮੌਤ ਨੇ ਹਿਜਾਬ ਵਿਰੋਧੀ ਲਹਿਰ ਨੂੰ ਹੋਰ ਵੀ ਭੜਕਾਇਆ ਹੈ।ਅਮੀਨੀ ਦੀ ਹਿਰਾਸਤ ਵਿੱਚ ਮੌਤ ਦੀ ਖਬਰ ਤੋਂ ਬਾਅਦ ਗੁੱਸੇ ‘ਚ ਆ ਰਹੀਆਂ ਔਰਤਾਂ ਵਲੋਂ ਆਪਣੇ ਵਾਲ ਕੱਟਣ ਅਤੇ ਹਿਜਾਬ ਸਾੜਣ ਦੀਆਂ ਖਬਰਾਂ ਪੂਰੀ ਦੁਨੀਆਂ ‘ਚ ਵਾਇਰਲ ਹੋ ਰਹੀਆਂ ਹਨ।ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਔਰਤਾਂ ਇਸ ਵਾਰ ਕ੍ਰਾਸ ਮੂਡ ਵਿੱਚ ਨਜ਼ਰ ਆ ਰਹੀਆਂ ਹਨ।ਸ਼ੋਸਲ ਮੀਡੀਆ ਅਤੇ ਸੁਰੱਖਿਆ ਕਰਮੀਆਂ ਵਲੋਂ ਪ੍ਰਦਰਸ਼ਨਕਾਰੀਆਂ ‘ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੇ ਵੀਡੀਓਜ ਆਮ ਹੁੰਦੇ ਜਾ ਰਹੇ ਹਨ।ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ ਈਰਾਨੀ ਨੌਜਵਾਨ ਜਾਵੇਦ ਹੈਦਰੀ ਦੀ ਕਬਰ ਦੇ ਖਿਲਾਫ ਉਸ ਦੀ ਭੈਣ ਦੇ ਵਾਲ ਕੱਟਣ ਦੀ ਪੇਸ਼ਕਸ਼ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਚਾਰ ਦਹਾਕੇ ਪਹਿਲਾਂ ਤੱਕ ਈਰਾਨ ਇਹੋ ਜਿਹਾ ਨਹੀ ਸੀ।ਸੰਨ 1979 ਦੀ ਇਸਲਾਮੀ ਕ੍ਰਾਂਤੀ ਤੋਂ ਪਹਿਲਾਂ,ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਸ਼ਾਸ਼ਨ ਵਿੱਚ,ਪੱਛਮੀ ਦੇਸ਼ਾਂ ਵਾਂਗ ਈਰਾਨ ਵਿੱਚ ਵੀ ਖੁੱਲ੍ਹੇਆਮ ਦੀ ਹਵਾ ਚੱਲ ਰਹੀ ਸੀ।ਈਰਾਨ ਵਿੱਚ ਔਰਤਾਂ ਨੂੰ ਕਾਫੀ ਆਜ਼ਾਦੀ ਸੀ।ਪਹਿਰਾਵੇ ਨੂੰ ਲੈ ਕੇ ਔਰਤਾਂ ਵਿੱਚ ਕੋਈ ਪਾਬੰਧੀ ਨਹੀ ਸੀ।ਉਹ ਆਪਣੀ ਪਸੰਦ ਦੇ ਕਪੜੇ ਪਾ ਕੇ ਕਿਤੇ ਵੀ ਜਾ ਸਕਦੀਆਂ ਸਨ।ਸੰਖੇਪ ਵਿੱਚ,ਪਹਿਲਵੀ ਦੇ ਰਾਜ ਵਿੱਚ ਈਰਾਨੀ ਔਰਤਾਂ ਦੇ ਕਪੜਿਆਂ ਦੇ ਮਾਮਲੇ ਵਿੱਚ ਕਾਫੀ ਸੁਤੰਤਰ ਸੀ।ਪਰ ਇਸਲਾਮੀ ਕ੍ਰਾਂਤੀ ਨੇ ਈਰਾਨ ਦੇ ਸਮਾਜਿਕ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।ਕ੍ਰਾਂਤੀ ਤੋਂ ਬਾਅਦ,ਈਰਾਨ ਦੀ ਸੱਤਾ ਧਾਰਮਿਕ ਨੇਤਾ ਅਯਾਤੁੱਲਾ ਖੋਮੇਨੀ ਦੇ ਹੱਥਾਂ ਵਿੱਚ ਆ ਗਈ।ਖੋਮੇਨੀ ਨੇ ਪੂਰੇ ਦੇਸ਼ ਅਤੇ ਈਰਾਨ ਵਿੱਚ ਸ਼ਰੀਆ ਦਾ ਕਾਨੂੰਨ ਲਾਗੂ ਕਰ ਦਿੱਤਾ ਅਤੇ ਈਰਾਨੀ ਦੁਨੀਆਂ ਵਿੱਚ ਇਹ ਸ਼ੀਆ ਇਸਲਾਮ ਦਾ ਗੜ੍ਹ ਬਣ ਗਿਆ।

ਮਾਰਚ 1979 ਵਿੱਚ ਜਨਮਤ ਸਗ੍ਰਹਿ ਹੋਇਆ।ਇਸ ਵਿੱਚ 98 ਫੀਸਦੀ ਤੋਂ ਜਿਆਦਾ ਲੋਕਾਂ ਨੇ ਈਰਾਨ ਨੂੰ ਇਸਲਾਮਿਕ ਰੀਪਬਲਿਕ ਬਣਾਉਣ ਦੇ ਹੱਕ ਵਿੱਚ ਵੋਟਿੰਗ ਕੀਤੀ।ਇਸ ਤੋਂ ਬਾਅਦ ਈਰਾਨ ਦਾ ਨਾਂ ਬਦਲ ਕੇ ਇਸਲਾਮਿਕ ਰੀਪਬਲਿਕ ਆਫ ਈਰਾਨ ਕਰ ਦਿੱਤਾ ਗਿਆ।ਖੋਮੇਨੀ ਦੇ ਸੱਤਾ ਵਿੱਚ ਆਉਦੇ ਹੀ ਨਵੇ ਸੰਵਿਧਾਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।ਇਸਲਾਮ ਅਤੇ ਸ਼ਰੀਆ ‘ਤੇ ਆਧਾਰਿਤ ਨਵੇ ਸੰਵਿਧਾਨ ‘ਚ ਦੇਸ਼ ਵਿੱਚ ਕਈ ਪਾਬੰਧੀਆਂ ਲਾਈਆਂ ਗਈਆਂ ਸਨ। ਔਰਤਾਂ ਦੇ ਅਧਿਕਾਰਾਂ ਦਾ ਬਹੁਤ ਘਾਣ ਕੀਤਾ ਗਿਆ, 1981 ਦੇ ਕਾਨੂੰਨ ਦੇ ਮੁਤਾਬਿਕ ਮੁਸਲਿਮ ਔਰਤਾਂ ਲਈ ਹਿਜਾਬ,ਸਿਰ ‘ਤੇ ਸਿਕਾਰਫ ਅਤੇ ਢਿੱਲੇ ਕੱਪੜੇ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ।ਕਾਨੂੰਨ ਨੂੰ ਯਕੀਨੀ ਬਣਾਉਣ ਅਤੇ ਨਿਰਧਾਰਿਤ ਡਰੈਸ ਕੋਡ ਦੀ ਪਾਲਣਾ ਕਰਨ ਦੀ ਜਿੰਮੇਵਾਰੀ ਨੈਤਿਕ ਪੁਲਿਸ (ਗਸ਼ਤ-ਏ-ਇਰਸ਼ਾਦ) ਨੂੰ ਦਿੱਤੀ ਗਈ ਸੀ।ਪੁਲਿਸ ਨਿਰਧਾਰਿਤ ਡਰੈਸ ਕੋਡ ਦੀ ਜਾਂਚ ਕਰਨ ਲਈ ਔਰਤਾਂ ਨੂੰ ਰੋਕ ਕੇ ਪੁੱਛਗਿੱਛ ਕਰ ਸਕਦੀ ਹੈ।ਸਬੰਧਤ ਔਰਤਾਂ ਨੂੰ ਨਿਰਧਾਰਤ ਤਰੀਕੇ ਨਾਲ ਆਪਣਾ ਚਿਹਰਾ ਅਤੇ ਸਿਰ ਨਾ ਢੱਕਣ ਲਈ ਇਲਾਮਿਕ ਡਰੈਸ ਕੋਡ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।

1995 ਵਿੱਚ ਕਾਨੂੰਨ ਹੋਰ ਵੀ ਸਖਤ ਕਰ ਦਿੱਤਾ ਗਿਆ।ਸੋਧੇ ਹੋਏ ਕਾਨੂੰਨ ਦੇ ਮੁਤਾਬਕ ਜੇਕਰ ਔਰਤਾਂ ਬਿੰਨਾਂ ਹਿਜਾਬ ਦੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਹਨਾਂ ਲਈ ਜੇਲ ਵਿੱਚ ਡੱਕਣ ਦੀ ਵਿਵਸਥਾ ਕੀਤੀ ਗਈ ਹੈ।ਇੰਨਾ ਹੀ ਨਹੀ,ਹਿਜਾਬ ਨਾ ਪਹਿਨਣ ‘ਤੇ 74 ਕੋੜੇ ਅਤੇ 16 ਸਾਲ ਤੱਕ ਦੀ ਸਜਾ ਹੋ ਸਕਦੀ ਹੈ।ਅਪ੍ਰੈਲ 2018 ਵਿੱਚ,ਇਕ ਨੈਤਿਕਤਾ ਪੁਲਿਸ ਅਧਿਕਾਰੀ ਦਾ ਤਹਿਰਾਨ ਵਿੱਚ ਜਨਤਕ ਤੌਰ ‘ਤੇ ਇਕ ਔਰਤ ਦੁਆਰਾ ਹਿਜਾਬ ਨਾ ਪਹਿਨਣ ਕਾਰਨ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ।ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਵਿੱਚ,ਸ਼ੀਆ-ਪ੍ਰਭਾਵੀ ਈਰਾਨ ਅਤੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਹੀ ਦੋ ਅਜਿਹੇ ਦੇਸ਼ ਹਨ ਜਿੱਥੇ ਔਰਤਾਂ ਨੂੰ ਆਪਣੇ ਘਰੋਂ ਬਾਹਰ ਨਿਕਲਣ ਵੇਲੇ ਹਿਜਾਬ ਪਹਿਨਣ ਦੀ ਲੋੜ ਹੁੰਦੀ ਹੈ।

22 ਸਾਲਾ ਅਮੀਨੀ ਦਾ ਕਸੂਰ ਸਿਰਫ ਇਹ ਸੀ ਕਿ ਉਸ ਦੇ ਵਾਲ ਹਿਜਾਬ ਤੋਂ ਬਾਹਰ ਆ ਗਏ ਸਨ,13 ਸਤੰਬਰ ਨੂੰ ਪੁਲਿਸ ਨੇ ਅਮੀਨੀ ਨੂੰ ਸਹੀ ਢੰਗ ਨਾਲ ਸਿਰ ਨਾ ਢੱਕਣ ਅਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ।ਈਰਾਨੀ ਮੀਡੀਆ ਮੁਤਾਬਕ ਅਮੀਨੀ ਗ੍ਰਿਫਤਾਰੀ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਕੋਮਾਂ ‘ਚ ਚਲੀ ਗਈ ਸੀ।ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹਿਰਾਸਤ ‘ਚ ਅਮੀਨੀ ‘ਤੇ ਭਿਆਨਕ ਤਸੱਦਦ ਕੀਤਾ ਗਿਆ।ਪੁਲਿਸ ਦੀ ਕੁੱਟਮਾਰ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।ਅਮੀਨੀ ਦੇ ਪਰਿਵਾਰ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਗ੍ਰਿਫਤਾਰੀ ਤੋਂ ਪਹਿਲਾਂ ਅਮੀਨੀ ਪੂਰੀ ਤਰ੍ਹਾਂ ਸਿਹਤਮੰਦ ਸੀ।

ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਹੀ ਨਹੀ ਸਗੋਂ ਪੂਰੀ ਦੁਨੀਆ ਵਿੱਚ ਈਰਾਨ ਦੇ ਧਾਰਮਿਕ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ।ਜਿੱਥੇ ਇਕ ਪਾਸੇ ਔਰਤਾਂ ਵਿਰੋਧ ਵਿੱਚ ਵਾਲ ਕਟਵਾ ਰਹੀਆਂ ਸਨ ਅਤੇ ਹਿਜਾਬ ਸਾੜ ਰਹੀਆਂ ਸਨ,ਉਥੇ ਹੀ ਦੂਜੇ ਪਾਸੇ ਔਰਤਾਂ ਲਾਜ਼ਮੀ ਹਿਜਾਬ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਬਿੰਨਾਂ ਹਿਜਾਬ ਦੇ ਸੜਕਾਂ ਤੇ ਉਤਰ ਕੇ ਸਰਕਾਰ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਸਨ।‘ਮੁਰਦਾਬਾਦ’ ਦੇ ਨਾਹਰੇ ਲਾਉਦੇ ਹੋਏ ਸੁਪਰੀਮ ਲੀਡਰ ਦੇ ਪੋਸਟਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਔਰਤਾਂ ਦੇ ਨਾਲ,ਈਰਾਨੀ ਔਰਤਾਂ ਇਸ ਵਾਰ ਹਿਜਾਬ ਨੂੰ ਲੈ ਕੇ ਫੈਸਲਾਕੂੰਨ ਲੜਾਈ ਵਿੱਚ ਹਨ।ਦੂਜੇ ਪਾਸੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਇਸ ਸਟੈਡ ਤੋਂ ਸਪੱਸ਼ਟ ਹੈ ਕਿ ਇਹ ਪ੍ਰਦਰਸ਼ਨਾ ਵਿਰੁਧ ਕਾਰਵਾਈ ਤੇਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।ਅਜਿਹੇ ਵਿੱਚ ਜਾਪਦਾ ਹੈ ਕਿ ਨਿੱਜ਼ੀ ਆਜਾਸੀ ਦੇ ਮੋਰਚੇ ‘ਤੇ ਈਰਾਨੀ ਔਰਤਾਂ ਦਾ ਸੰਘਰਸ਼ ਅਜੇ ਲੰਬਾ ਸਮ੍ਹਾਂ ਚੱਲਣਾ ਹੈ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਅਮਰੀਕਾ ’ਚ ਪੰਜਾਬੀ ਮਾਪੇ ਤੇ ਉਨ੍ਹਾਂ ਦੀ 8 ਮਹੀਨਿਆਂ ਦੀ ਧੀ ਸਣੇ 4 ਅਗਵਾ