ਈਡੀ ਦਫ਼ਤਰ ’ਚ ਪੇਸ਼ ਨਾ ਹੋਏ ਰਣਇੰਦਰ

ਜਲੰਧਰ (ਸਮਾਜ ਵੀਕਲੀ) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫੇਮਾ ਕੇਸ ਦੇ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਨਵੇਂ ਸਿਰੇ ਤੋਂ ਸੰਮਨ ਜਾਰੀ ਕਰਦਿਆਂ 6 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਰਣਇੰਦਰ ਸਿੰਘ ਨੇ ਅੱਜ ਸਵੇਰੇ 11.00 ਵਜੇ ਈਡੀ ਦਫ਼ਤਰ ਪੇਸ਼ ਹੋਣਾ ਸੀ, ਪਰ ਉਹ ਨਹੀਂ ਪਹੁੰਚੇ।

ਉਨ੍ਹਾਂ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਈਡੀ ਨੂੰ ਸੂਚਿਤ ਕੀਤਾ ਕਿ ‘ਮੇਰੇ ਮੁਅੱਕਲ ਨੇ ਓਲੰਪਿਕ ਖੇਡਾਂ-2021 ਦੇ ਸਬੰਧ ਵਿਚ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਹਾਜ਼ਰ ਹੋਣਾ ਹੈ।’ ਸ਼ੇਰਗਿੱਲ ਨੇ ਕਿਹਾ ਕਿ ਈਡੀ ਵੱਲੋਂ ਭੇਜੇ ਗਏ ਸੰਮਨ ਵਿੱਚ ਕੁਝ ਗੱਲਾਂ ਸਪੱਸ਼ਟ ਨਹੀਂ ਸਨ ਕਿ ਰਣਇੰਦਰ ਸਿੰਘ ਨੂੰ ਕਿਹੜੇ ਕੇਸ ਵਿਚ ਬੁਲਾਇਆ ਗਿਆ ਹੈ ਤੇ ਪੇਸ਼ ਹੋਣ ਸਮੇਂ ਕਿਹੜੇ-ਕਿਹੜੇ ਦਸਤਾਵੇਜ਼ ਕੋਲ ਲੈ ਕੇ ਆਉਣੇ ਹਨ।

ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ ਈਡੀ ਸਾਹਮਣੇ 21 ਜੁਲਾਈ 2016 ਨੂੰ ਪੇਸ਼ ਹੋਏ ਸਨ। ਉਦੋਂ ਉਨ੍ਹਾਂ ਕੋਲੋਂ ਸਵਿਟਜ਼ਰਲੈਂਡ ਵਿਚ ਫੰਡਾਂ ਦੇ ਲੈਣ-ਦੇਣ ਅਤੇ ਜਕਰਾਂਦਾ ਟਰੱਸਟ ਬਣਾਉਣ ਤੇ ਬ੍ਰਿਟਿਸ਼ ਵਰਜ਼ਨ ਆਈਲੈਂਡ ਅਤੇ ਕੁਝ ਕਾਰੋਬਾਰੀ ਸੰਸਥਾਵਾਂ ਵਿੱਚ ਮਾਲਕੀ ਤੇ ਹਿੱਸੇਦਾਰੀ ਹੋਣ ਬਾਰੇ ਪੁੱਛਿਆ ਸੀ। ਰਣਇੰਦਰ ਸਿੰਘ ਦੀ ਈਡੀ ਦਫ਼ਤਰ ਵਿੱਚ ਪੇਸ਼ੀ ਸਬੰਧੀ ਮੀਡੀਆ ਸਰਗਰਮ ਰਿਹਾ।

ਟੀਵੀ ਚੈਨਲਾਂ ਨੇ ਈਡੀ ਦਫ਼ਤਰ ਦੇ ਆਲੇ-ਦੁਆਲੇ ਆਪਣੇ ਕੈਮਰੇ ਸਵੇਰੇ ਹੀ ਲਾ ਲਏ ਸਨ, ਪਰ ਜਦੋਂ ਰਣਇੰਦਰ ਸਿੰਘ ਦੇ ਨਾ ਆਉਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਮਾਯੂਸੀ ਵੀ ਹੋਈ। ਇਸੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਰਣਇੰਦਰ ਸਿੰਘ ਦੀ ਪੇਸ਼ੀ ਦੌਰਾਨ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਸੀ ਪਰ ਪਾਰਟੀ ਦੇ ਮੀਡੀਆ ਇੰਚਾਰਜ ਆਤਮ ਪ੍ਰਕਾਸ਼ ਸਿੰਘ ਬਬਲੂ ਦੀ ਅਗਵਾਈ ਹੇਠ ‘ਆਪ’ ਦੇ ਸਿਰਫ਼ ਅੱਧੀ ਦਰਜਨ ਵਰਕਰ ਹੀ ਆਏ।

Previous articleAfghan civilian casualties drop by 30% this yr: UN
Next articleCanadian Parliament to probe govt’s Covid-19 pandemic response