ਪਟਿਆਲਾ (ਸਮਾਜਵੀਕਲੀ) – ਪੁਲੀਸ ਪਾਰਟੀ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਨੂੰ ਗੁਰਦਵਾਰਾ ਖਿਚੜੀ ਸਾਹਿਬ ਤੋਂ ਗ੍ਰਿਫ਼ਤਾਰ ਕਰਨ ਮੌਕੇ ਬਰਾਮਦ ਹੋਈ 39 ਲੱਖ ਰੁਪਏ ਨਕਦੀ ਦਾ ਮਾਮਲਾ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਕੋਲ ਜਾਵੇਗਾ। ਇਸ ਬਾਬਤ ਪਟਿਆਲਾ ਪੁਲੀਸ ਜਲਦੀ ਹੀ ਈਡੀ ਨੂੰ ਪੱਤਰ ਭੇਜੇਗੀ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੱਸਣਯੋਗ ਹੈ ਕਿ ਨਿਹੰਗਾਂ ਤੋਂ ਨਕਦੀ ਤੋਂ ਇਲਾਵਾ ਤਿੰਨ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਸਨ। ਬਾਅਦ ’ਚ ਤਿੰਨ ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਭੰਗ ਵੀ ਬਰਾਮਦ ਹੋਈ ਸੀ। ਇਸ ਸਬੰਧੀ ਥਾਣਾ ਪਸਿਆਣਾ ਵਿੱਚ ਹੀ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ। ਥਾਣਾ ਪਸਿਆਣਾ ’ਚ ਦਰਜ ਕੇਸ ਅਧੀਨ ਇੱਕ ਮਹਿਲਾ ਸਮੇਤ ਨੌਂ ਮੁਲਜ਼ਮਾਂ ਨੂੰ ਪੁਲੀਸ ਨੇ ਸਖ਼ਤ ਪਹਿਰੇ ਹੇਠ ਪਟਿਆਲਾ ਵਿਚ ਡਿਊਟੀ ਮੈਜਿਸਟ੍ਰੇਟ ਇੰਦੂ ਬਾਲਾ ਦੀ ਅਦਾਲਤ ’ਚ ਪੇਸ਼ ਕੀਤਾ।
ਪੁਲੀਸ ਨੇ ਮੁਲਜ਼ਮਾਂ ਦੇ ਮਹਾਰਾਸ਼ਟਰ ’ਚ ਰਹਿ ਰਹੇ ਦੋ ਸਾਥੀਆਂ ਨੂੰ ਲਿਆਉਣ ਸਮੇਤ ਮੁਲਜ਼ਮਾਂ ਤੋਂ ਬਰਾਮਦ ਹਥਿਆਰਾਂ ਤੇ ਹੋਰ ਮੱਦਾਂ ਸਬੰਧੀ ਪੁੱਛ-ਪੜਤਾਲ ਕਰਨ ਲਈ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 11 ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਥਾਣਾ ਪਸਿਆਣਾ ਦੇ ਮੁਖੀ ਜਸਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮ 24 ਅਪਰੈਲ ਨੂੰ ਮੁੜ ਅਦਾਲਤ ’ਚ ਪੇਸ਼ ਕੀਤੇ ਜਾਣਗੇ।
ਮੁਲਜ਼ਮਾਂ ’ਚ ਡੇਰਾ ਮੁਖੀ ਬਲਵਿੰਦਰ ਸਿੰਘ, ਬੰਤ ਸਿੰਘ ਕਾਲਾ, ਜਗਮੀਤ ਸਿੰਘ, ਗੁਰਦੀਪ ਸਿੰਘ, ਨੰਨਾ, ਜੰਗੀਰ ਸਿੰਘ, ਮਨਿੰਦਰ ਸਿੰਘ, ਜਸਵੰਤ ਸਿੰਘ ਤੇ ਦਰਸ਼ਨ ਸਿੰਘ ਅਤੇ ਸੁਖਪ੍ਰੀਤ ਕੌਰ ਸ਼ਾਮਲ ਹਨ। ਗ੍ਰਿਫ਼ਤਾਰੀ ਮੌਕੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਨਿਹੰਗ ਨਿਰਭੈ ਸਿੰਘ ਜ਼ੇਰੇ ਇਲਾਜ ਹੈ। ਇਨ੍ਹਾਂ ਮੁਲਜ਼ਮਾਂ ਤੋਂ ਸੀਆਈਏ ਪਟਿਆਲਾ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।