ਨਵੀਂ ਦਿੱਲੀ (ਸਮਾਜ ਵੀਕਲੀ) : ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਕੂੜਾ ਮੁਕਤ ਸ਼ਹਿਰਾਂ ਲਈ ਰੇਟਿੰਗ ਪ੍ਰੋਟੋਕੋਲ ਅਨੁਸਾਰ ਇੰਦੌਰ, ਸੂਰਤ, ਨਵੀਂ ਮੁੰਬਈ, ਅੰਬਿਕਾਪੁਰਾ, ਰਾਜਕੋਟ ਤੇ ਮੈਸੂਰ ਨੂੰ ਪੰਜ ਤਾਰਾ ਸ਼ਹਿਰਾਂ, 86 ਸ਼ਹਿਰਾਂ ਨੂੰ ਤਿੰਨ-ਤਾਰਾ ਅਤੇ 64 ਸ਼ਹਿਰਾਂ ਨੂੰ ਇਕ-ਤਾਰਾ ਰੇਟਿੰਗ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਜਲੰਧਰ ਨੂੰ ਭਾਰਤ ਦੇ ਸਭ ਤੋਂ ਸਾਫ਼ ਕੰਟੋਨਮੈਂਟ ਦਾ ਪੁਰਸਕਾਰ ਹਾਸਲ ਹੋਇਆ ਹੈ।
ਇਹ ਐਲਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਵੱਛ ਸਰਵੇਖਣ ਪੁਰਸਕਾਰ ਵੰਡਣ ਮੌਕੇ ਕੀਤਾ। ਜ਼ਿਕਰਯੋਗ ਹੈ ਕਿ ਸਵੱਛ ਸਰਵੇਖਣ ਸਾਲ 2014 ਵਿੱਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨ ਲਈ ਕੀਤਾ ਗਿਆ ਸੀ। ਇਹ ਸਰਵੇਖਣ 4,242 ਸ਼ਹਿਰਾਂ, 62 ਕੰਟੋਨਮੈਂਟ ਬੋਰਡਾਂ ਅਤੇ ਗੰਗਾ ਨਦੀ ਕੰਢੇ ਵੱਸੇ 92 ਕਸਬਿਆਂ ਵਿੱਚ ਕੀਤਾ ਗਿਆ ਸੀ ਅਤੇ ਇਹ ਸਰਵੇਖਣ 28 ਦਿਨਾਂ ਵਿੱਚ ਪੂਰਾ ਕੀਤਾ ਗਿਆ।
ਇਸ ਸਰਵੇਖਣ ਦੌਰਾਨ ਮੱਧ ਪ੍ਰਦੇਸ਼ ਵਿੱਚ ਸਥਿਤ ਸ਼ਹਿਰ ਇੰਦੌਰ ਲਗਾਤਾਰ ਚੌਥੀ ਵਾਰ ਸਭ ਤੋਂ ਸਾਫ਼ ਸ਼ਹਿਰ ਵਜੋਂ ਊੱਭਰ ਕੇ ਸਾਹਮਣੇ ਆਇਆ ਜਦੋਂਕਿ ਸੂਰਤ ਤੇ ਨਵੀਂ ਮੁੰਬਈ ਨੇ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਕੈਟਾਗਰੀ ਵਿੱਚ ਲੜੀਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਜਦੋਂ ਇਹ ਸਰਵੇਖਣ ਸ਼ੁਰੂ ਹੋਇਆ ਸੀ ਤਾਂ ਊਦੋਂ ਸਭ ਤੋਂ ਪਹਿਲਾਂ ਕਰਨਾਟਕ ਦੇ ਸ਼ਹਿਰ ਮੈਸੂਰ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦਾ ਪੁਰਸਕਾਰ ਮਿਲਿਆ ਸੀ, ਜਦੋਂਕਿ ਊਸ ਤੋਂ ਬਾਅਦ ਲਗਾਤਾਰ ਤਿੰਨ ਸਾਲਾਂ ਤੱਕ ਇੰਦੌਰ ਸਿਖ਼ਰਲਾ ਸਥਾਨ ਹਾਸਲ ਕਰਦਾ ਰਿਹਾ। ਇਹ ਚੌਥੀ ਵਾਰ ਹੈ ਜਦੋਂ ਇੰਦੌਰ ਲਗਾਤਾਰ ਸਿਖ਼ਰਲੇ ਸਥਾਨ ’ਤੇ ਕਾਇਮ ਹੈ। ਛੱਤੀਸਗੜ੍ਹ ਨੇ ਸੌ ਤੋਂ ਵੱਧ ਸ਼ਹਿਰੀ ਸਥਾਨਕ ਸਰਕਾਰਾਂ ਕੈਟਾਗਰੀ ਵਿੱਚ ਸਭ ਤੋਂ ਸਾਫ਼ ਰਾਜ ਦਾ ਵੱਕਾਰੀ ਖ਼ਿਤਾਬ ਜਿੱਤਿਆ ਹੈ ਜਦੋਂਕਿ ਝਾਰਖੰਡ ਨੂੰ ਸੌਂ ਤੋਂ ਘੱਟ ਸ਼ਹਿਰੀ ਸਥਾਨਕ ਸਰਕਾਰਾਂ ਕੈਟਾਗਰੀ ਵਿੱਚ ਜੇਤੂ ਐਲਾਨਿਆ ਗਿਆ ਹੈ।
ਇਸ ਤੋਂ ਇਲਾਵਾ 117 ਹੋਰ ਪੁਰਸਕਾਰ ਮੰਤਰੀ ਵੱਲੋਂ ਦਿੱਤੇ ਗਏ। ਇਸੇ ਦੌਰਾਨ ਇਕ ਲੱਖ ਤੋਂ ਘੱਟ ਆਬਾਦੀ ਵਾਲੀ ਕੈਟਾਗਰੀ ਵਿੱਚ ਮਹਾਰਾਸ਼ਟਰ ’ਚ ਸਥਿਤ ਸ਼ਹਿਰ ਕਰਾੜ, ਸਸਵਾਦ ਤੇ ਲੋਨਾਵਾਲਾ ਨੂੰ ਜੇਤੂ ਐਲਾਨਿਆ ਗਿਆ। ਗੁਜਰਾਤ ਦਾ ਸ਼ਹਿਰ ਅਹਿਮਦਾਬਾਦ ਸਭ ਤੋਂ ਸਾਫ਼ ਮੈਗਾ ਸਿਟੀ ਕੈਟਾਗਰੀ ਵਿੱਚ ਪਹਿਲੇ ਨੰਬਰ ’ਤੇ ਹੈ ਜਦੋਂ ਕਿ ਛੱਤੀਸਗੜ੍ਹ ਦੇ ਸ਼ਹਿਰ ਅੰਬਿਕਾਪੁਰ ਨੂੰ ਸਭ ਤੋਂ ਛੋਟੇ ਸਾਫ਼ ਸ਼ਹਿਰ ਦਾ ਖ਼ਿਤਾਬ ਮਿਲਿਆ ਹੈ।
ਪੰਜਾਬ ’ਚ ਪੈਂਦੇ ਜਲੰਧਰ ਨੂੰ ਭਾਰਤ ਦੇ ਸਭ ਤੋਂ ਸਾਫ਼ ਕੰਟੋਨਮੈਂਟ ਅਤੇ ਵਾਰਾਣਸੀ ਨੂੰ ਗੰਗਾ ਕੰਢੇ ਵੱਸੇ ਸਭ ਤੋਂ ਸੋਹਣੇ ਕਸਬੇ ਦਾ ਖ਼ਿਤਾਬ ਮਿਲਿਆ ਹੈ। ਨਵੀਂ ਦਿੱਲੀ ਨਗਰ ਕੌਂਸਲ ਨੂੰ ਸਭ ਤੋਂ ਸਾਫ਼ ਰਾਜਧਾਨੀ ਦਾ ਟੈਗ ਜਦੋਂ ਕਿ ਲਖਨਊ ਨੂੰ ਸਭ ਤੋਂ ਤੇਜ਼ੀ ਨਾਲ ਊੱਭਰਨ ਵਾਲੀ ਰਾਜਧਾਨੀ ਅਤੇ ਭੁਪਾਲ ਨੂੰ ਮਜ਼ਬੂਤ ਰਾਜਧਾਨੀ ਪੁਰਸਕਾਰ ਮਿਲਿਆ ਹੈ।