ਮਲਾਂਗ (ਇੰਡੋਨੇਸ਼ੀਆ) (ਸਮਾਜ ਵੀਕਲੀ) :ਇੰਡੋਨੇਸ਼ੀਆ ’ਚ ਲੰਘੀ ਰਾਤ ਇੱਕ ਫੁਟਬਾਲ ਮੈਚ ਮਗਰੋਂ ਮਚੀ ਭਗਦੜ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 125 ਹੋ ਗਈ ਹੈ। ਮੈਚ ਮਗਰੋਂ ਹੋਏ ਵਿਵਾਦ ਕਾਰਨ ਬਣੀ ਸਥਿਤੀ ਨਾਲ ਨਜਿੱਠਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਜਿਸ ਕਾਰਨ ਦਰਸ਼ਕਾਂ ’ਚ ਭਗਦੜ ਮੱਚ ਗਈ ਤੇ ਜ਼ਿਆਦਾਤਰ ਲੋਕਾਂ ਦੀ ਮੌਤ ਦਰੜੇ ਜਾਣ ਕਾਰਨ ਹੋਈ ਹੈ। ਪੂਰਬੀ ਜਾਵਾ ਸੂਬੇ ਦੇ ਮਲਾਂਗ ਸ਼ਹਿਰ ’ਚ ਲੰਘੀ ਸ਼ਾਮ ਖੇਡੇ ਗਏ ਫੁੱਟਬਾਲ ਮੈਚ ’ਚ ਮੇਜ਼ਬਾਨ ਅਰੇਮਾ ਐੱਫਸੀ ਦੀ ਟੀਮ ਸੁਰਾਬਾਇਆ ਦੀ ਪਰਸੇਬਾਇਆ ਟੀਮ ਤੋਂ 3-2 ਨਾਲ ਹਾਰ ਗਈ ਜਿਸ ਮਗਰੋਂ ਪ੍ਰਸ਼ੰਸਕਾਂ ਵਿਚ ਝੜਪਾਂ ਸ਼ੁਰੂ ਹੋ ਗਈਆਂ।
ਚਸ਼ਮਦੀਦਾਂ ਨੇ ਦੱਸਿਆ ਕਿ ਆਪਣੀ ਟੀਮ ਦੀ ਹਾਰ ਤੋਂ ਨਿਰਾਸ਼ ਅਰੇਮਾ ਦੇ ਹਜ਼ਾਰਾਂ ਹਮਾਇਤੀਆਂ ਨੇ ਖਿਡਾਰੀਆਂ ਤੇ ਫੁਟਬਾਲ ਅਧਿਕਾਰੀਆਂ ’ਤੇ ਬੋਤਲਾਂ ਤੇ ਹੋਰ ਚੀਜ਼ਾਂ ਸੁੱਟੀਆਂ। ਪ੍ਰਸ਼ੰਸਕ ਕੰਜੁਰੂਹਾਨ ਸਟੇਡੀਅਮ ਦੇ ਮੈਦਾਨ ’ਤੇ ਉਤਰ ਕੇ ਰੋਸ ਮੁਜ਼ਾਹਰਾ ਕਰਨ ਲੱਗੇ ਅਤੇ ਉਨ੍ਹਾਂ ਅਰੇਮਾ ਪ੍ਰਬੰਧਕਾਂ ਤੋਂ ਪੁੱਛਿਆ ਕਿ ਘਰੇਲੂ ਮੈਚਾਂ ’ਚ 23 ਸਾਲਾਂ ਤੱਕ ਲਗਾਤਾਰ ਜਿੱਤਣ ਵਾਲੀ ਟੀਮ ਇਹ ਮੈਚ ਕਿਵੇਂ ਹਾਰ ਗਈ। ਸਟੇਡੀਅਮ ਤੋਂ ਬਾਹਰ ਵੀ ਹਿੰਸਾ ਸ਼ੁਰੂ ਹੋ ਗਈ ਤੇ ਮੁਜ਼ਾਹਰਾਕਾਰੀਆਂ ਨੇ ਪੁਲੀਸ ਦੇ ਘੱਟ ਤੋਂ ਘੱਟ ਪੰਜ ਵਾਹਨ ਸਾੜ ਦਿੱਤੇ। ਦੰਗਾ ਰੋਕੂ ਪੁਲੀਸ ਨੇ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਜਿਸ ਕਾਰਨ ਭਗਦੜ ਮੱਚ ਗਈ। ਫੀਫਾ ਨੇ ਫੁਟਬਾਲ ਸਟੇਡੀਅਮ ’ਚ ਅੱਥਰੂ ਗੈਸ ਦੇ ਗੋਲੇ ਦਾਗਣ ’ਤੇ ਪਾਬੰਦੀ ਲਗਾ ਰੱਖੀ ਹੈ। ਅੱਥਰੂ ਗੈਸ ਤੋਂ ਬਚਣ ਲਈ ਸੈਂਕੜੇ ਲੋਕ ਗੇਟ ਵੱਲ ਭੱਜੇ ਅਤੇ ਕੁਝ ਲੋਕਾਂ ਦੀ ਸਾਹ ਘੁਟਣ ਅਤੇ ਦਰੜੇ ਜਾਣ ਕਾਰਨ ਮੌਤ ਹੋ ਗਈ। ਦੋ ਅਧਿਕਾਰੀਆਂ ਸਮੇਤ 34 ਜਣਿਆਂ ਦੀ ਸਟੇਡੀਅਮ ’ਚ ਹੀ ਮੌਤ ਹੋ ਗਈ। ਮ੍ਰਿਤਕਾਂ ’ਚ ਬੱਚੇ ਵੀ ਸ਼ਾਮਲ ਹਨ। ਪੂਰਬੀ ਜਾਵਾ ਦੇ ਪੁਲੀਸ ਮੁਖੀ ਨਿਕੋ ਅਫਿੰਤਾ ਨੇ ਕਿਹਾ ਕਿ 300 ਤੋਂ ਵੱਧ ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਕਈਆਂ ਨੇ ਰਾਹ ਵਿੱਚ ਤੇ ਕਈਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤੱਕ 125 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਇੰਡੋਨੇਸ਼ੀਆ ਫੁੱਟਬਾਲ ਐਸੋਸੀਏਸ਼ਨ ਨੇ ਪ੍ਰੀਮੀਅਰ ਫੁੱਟਬਾਲ ਲੀਗ ਲੀਗਾ-1 ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly